ਸਤਵਿੰਦਰ ਬਸਰਾ
ਲੁਧਿਆਣਾ, 2 ਅਗਸਤ
ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਸਬੰਧੀ ਸਰਕਾਰ ਵੱਲੋਂ ਐਤਵਾਰ ਨੂੰ ਸਾਰੀਆਂ ਦੁਕਾਨਾਂ ਖੋਲ੍ਹਣ ’ਤੇ ਛੋਟ ਦਿੱਤੀ ਗਈ ਸੀ। ਇਸ ਦੌਰਾਨ ਸਰਕਾਰੀ ਹਦਾਇਤਾਂ ਅਨੁਸਾਰ ਹਲਵਾਈਆਂ ਦੀਆਂ ਦੁਕਾਨਾਂ ’ਤੇ ਗਾਹਕਾਂ ਨੂੰ ਮਠਿਆਈ ਦੇ ਨਾਲ ਨਾਲ ਦੋ-ਦੋ ਮਾਸਕ ਵੀ ਮੁਫ਼ਤ ਦਿੱਤੇ ਜਾ ਰਹੇ ਸਨ। ਸ਼ਹਿਰ ਦੀਆਂ ਕਈ ਹਲਵਾਈਆਂ ਦੀਆਂ ਦੁਕਾਨਾਂ ’ਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਹੁੰਦੀ ਦੇਖੀ ਗਈ। ਦੁਕਾਨਾਂ ਵਿੱਚ ਗਾਹਕਾਂ ਦੀ ਭੀੜ ਨੂੰ ਰੋਕਣ ਲਈ ਇੱਕ ਦੂਜੇ ਤੋਂ ਦੂਰੀ ਦਾ ਖਾਸ ਧਿਆਨ ਰੱਖਿਆ ਗਿਆ। ਪਰ ਕਈ ਦੂਰ-ਦੁਰਾਡੇ ਦੀਆਂ ਦੁਕਾਨਾਂ ’ਤੇ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਹੋਣ ਦੀਆਂ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ। ਇਸੇ ਤਰ੍ਹਾਂ ਸ਼ਹਿਰ ਦੇ ਚੌੜਾ ਬਾਜ਼ਾਰ, ਫੀਲਡ ਗੰਜ, ਸਰਾਭਾ ਨਗਰ ਮਾਰਕੀਟ, ਘੁਮਾਰ ਮੰਡੀ, ਜਵਾਹਰ ਨਗਰ ਆਦਿ ਵਿੱਚ ਅੱਜ ਸਾਰਾ ਦਿਨ ਰੱਖੜੀਆਂ ਖਰੀਦਣ ਵਾਲਿਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਇਨਾਂ ਦੁਕਾਨਾਂ ’ਤੇ ਹਦਾਇਤਾਂ ਦੀ ਉਲੰਘਣਾ ਹੁੰਦੀ ਵੀ ਸਾਫ਼ ਦੇਖੀ ਜਾ ਸਕਦੀ ਸੀ।
ਬਾਜ਼ਾਰਾਂ ’ਚੋਂ ਰੌਣਕ ਰਹੀ ਗਾਇਬ
ਮਾਛੀਵਾੜਾ, (ਗੁਰਦੀਪ ਸਿੰਘ ਟੱਕਰ): ਬੇਸ਼ੱਕ ਪੰਜਾਬ ਸਰਕਾਰ ਵਲੋਂ ਰੱਖੜੀ ਦਾ ਤਿਉਹਾਰ ਹੋਣ ਕਾਰਨ ਐਤਵਾਰ ਲੌਕਡਾਊਨ ਦੀ ਛੋਟ ਦੇ ਦਿੱਤੀ ਸੀ ਪਰ ਪੰਜਾਬ ’ਚ ਵਧਦੀ ਜਾ ਰਹੀ ਕਰੋਨਾ ਮਹਾਂਮਾਰੀ ਦਾ ਖੌਫ਼ ਇਸ ਕਦਰ ਦੇਖਿਆ ਜਾ ਰਿਹਾ ਹੈ ਕਿ ਲੌਕਡਾਊਨ ਛੋਟ ਹੋਣ ਦੇ ਬਾਵਜੂਦ ਲੋਕ ਖਰੀਦਦਾਰੀ ਲਈ ਬਾਜ਼ਾਰਾਂ ’ਚ ਘੱਟ ਹੀ ਨਿਕਲੇ। ਮਾਛੀਵਾੜਾ ਸ਼ਹਿਰ ’ਚ ਅੱਜ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਰੱਖੜੀ ਦੇ ਤਿਉਹਾਰ ’ਤੇ ਬਾਜ਼ਾਰਾਂ ’ਚ ਗਾਹਕ ਨਾ ਹੋਣ ਕਾਰਨ ਦੁਕਾਨਦਾਰ ਕਾਫ਼ੀ ਮਾਯੂਸ ਦਿਖਾਈ ਦਿੱਤੇ ਕਿਉਂਕਿ ਲੋਕ ਜਿੱਥੇ ਕਰੋਨਾ ਦੇ ਡਰ ਕਾਰਨ ਬਾਹਰ ਨਾ ਨਿਕਲੇ ਉਥੇ ਇਸ ਮਹਾਂਮਾਰੀ ਨੇ ਲੋਕਾਂ ਦੀ ਆਰਥਿਕ ਸਥਿਤੀ ਇੰਨੀ ਡਾਂਵਾਡੋਲ ਕਰ ਦਿੱਤੀ ਹੈ ਕਿ ਉਹ ਖੁੱਲ੍ਹ ਕੇ ਖਰਚਣ ਤੋਂ ਗੁਰੇਜ਼ ਕਰ ਰਹੇ ਹਨ।