ਸਤਵਿੰਦਰ ਬਸਰਾ
ਲੁਧਿਆਣਾ, 6 ਅਕਤੂਬਰ
ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ਵੱਲੋਂ ਪ੍ਰਾਈਵੇਟ, ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕਿ ਅੱਜ ਪੀਏਯੂ ਵਿੱਚ ਰੋਸ ਰੈਲੀ ਕੀਤੀ ਗਈ। ਇਹ ਰੈਲੀ ਸਵੇਰੇ 11.30 ਵਜੇ ਸ਼ੁਰੂ ਹੋਈ ਅਤੇ ਕਰੀਬ 1 ਵਜੇ ਤੱਕ ਜਾਰੀ ਰਹੀ। ਇਸ ਰੈਲੀ ਨੂੰ ਵੱਖ ਵੱਖ ਅਧਿਆਪਕ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸੰਬੋਧਨ ਕਰਦਿਆਂ ਯੂਜੀਸੀ ਅਨੁਸਾਰ ਤਨਖਾਹ ਅਤੇ ਹੋਰ ਭੱਤੇ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਕੁਲਦੀਪ ਬੱਤਾ, ਡਾ. ਐੱਚ ਐੱਸ ਕਿੰਗਰਾ ਤੇ ਡਾ. ਕੇ ਐੱਸ ਸਾਂਘਾ ਨੇ ਕਿਹਾ ਕਿ ਦੇਸ਼ ਵਿੱਚੋਂ ਮੋਹਰੀ ਰਹਿਣ ਵਾਲਾ ਸੂਬਾ ਯੂਜੀਸੀ ਅਨੁਸਾਰ ਅਧਿਆਪਕਾਂ ਨੂੰ 7ਵਾਂ ਪੇ-ਸਕੇਲ ਦੇਣ ਵਿੱਚ ਹੋਰਨਾਂ ਸੂਬਿਆਂ ਤੋਂ ਪੱਛੜ ਗਿਆ ਹੈ। ਰੈਲੀ ਵਿੱਚ ਸ਼ਾਮਲ ਲੁਧਿਆਣਾ, ਮੋਗਾ ਅਤੇ ਦੋਰਾਹਾ ਦੇ ਸਰਕਾਰੀ/ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਤਨਖਾਹ, ਤਰੱਕੀ ਆਦਿ ਯੂਜੀਸੀ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਦਿੱਤੀ ਜਾਣੀ ਚਾਹੀਦੀ ਹੈ ਪਰ ਅਫਸੋਸ ਸੂਬਾ ਸਰਕਾਰ ਇਸ ਨੂੰ ਅਣਗੌਲਿਆਂ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਸੂਬੇ ਦੇ ਅਧਿਆਪਕ ਹੋਰਨਾਂ ਸੂਬਿਆਂ ਤੋਂ ਤਨਖਾਹਾਂ ਵਿੱਚ ਵੀ ਕਈ ਗੁਣਾਂ ਪਿੱਛੇ ਚਲੇ ਜਾਣਗੇ।
ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਧ ਰਹੀ ਮਹਿੰਗਾਈ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ, ਇਸ ਪਾਸੇ ਧਿਆਨ ਦੇਣ ਦੀ ਖੇਚਲ ਕਰੇ। ਇਸ ਮੌਕੇ ਅਧਿਆਪਕਾਂ ਨੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।