ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਫਰਵਰੀ
ਚੋਣ ਪ੍ਰਚਾਰ ਦੇ ਲਈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ 14 ਫਰਵਰੀ ਨੂੰ ਪੰਜਾਬ ਪੁੱਜ ਰਹੇ ਹਨ, ਉਥੇ ਹੀ ਇੱਕ ਦਿਨ ਪਹਿਲਾਂ ਐਤਵਾਰ 13 ਫਰਵਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਦੌਰੇ ’ਤੇ ਆ ਰਹੇ ਹਨ। ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਅਮਿਤ ਸ਼ਾਹ ਸਨਅਤੀ ਸ਼ਹਿਰ ਦੇ ਇਤਿਹਾਸਕ ਦਰੇਸੀ ਮੈਦਾਨ ’ਚ ਪੁੱਜਣਗੇ, ਜਿੱਥੇ ਉਹ ਸ਼ਹਿਰ ਦੇ ਭਾਜਪਾ ਤੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਨਗੇ। ਗ੍ਰਹਿ ਮੰਤਰੀ ਦੇ ਸ਼ਹਿਰ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖਤ ਕਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉਥੇ ਭਾਜਪਾ ਆਗੂਆਂ ਨੇ ਵੀ ਦਰੇਸੀ ਮੈਦਾਨ ’ਚ ਡੇਰਾ ਲਾ ਲਿਆ ਹੈ। ਅਮਿਤ ਸ਼ਾਹ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਵੀ ਦਰੇਸੀ ਮੈਦਾਨ ’ਚ ਪੁੱਜਣਗੇ।