ਗੁਰਿੰਦਰ ਸਿੰਘ
ਲੁਧਿਆਣਾ, 2 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਵੋਟਾਂ ਪੈਣ ਦਾ ਕੰਮ ਖਤਮ ਹੋਣ ਤੋਂ ਬਾਅਦ ਅੱਜ ਪਰਿਵਾਰ ਨਾਲ ਆਰਾਮ ਦੇ ਪਲ ਬਿਤਾਏ। ਸ੍ਰੀ ਢਿੱਲੋਂ ਨੇ ਅੱਜ ਸਵੇਰੇ ਆਮ ਨਾਲੋਂ ਕੁੱਝ ਸਮਾਂ ਵੱਧ ਆਪਣੀ ਨੀਂਦ ਪੂਰੀ ਕੀਤੀ ਅਤੇ ਬਾਅਦ ਵਿੱਚ ਰੋਜ਼ਾਨਾ ਵਾਂਗ ਇਸ਼ਨਾਨ ਕਰਕੇ ਘਰ ਅੰਦਰ ਹੀ ਬਣੇ ਗੁਰੂਘਰ ਵਿੱਚ ਨਿਤਨੇਮ ਕੀਤਾ। ਉਨ੍ਹਾਂ ਆਪਣੇ ਪਰਿਵਾਰ ਸਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਰਵਣ ਕੀਤਾ ਅਤੇ ਉਸ ਤੋਂ ਬਾਅਦ ਖਾਣੇ ਦੇ ਟੇਬਲ ’ਤੇ ਪਰਿਵਾਰ ਨਾਲ ਨਾਸ਼ਤਾ ਕੀਤਾ।
ਬਾਅਦ ਦੁਪਹਿਰ ਉਨ੍ਹਾਂ ਆਪਣੀ ਚੋਣ ਪ੍ਰਚਾਰ ਟੀਮ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਫੀਡਬੈਕ ਵੀ ਲਈ। ਇਸ ਤੋਂ ਇਲਾਵਾ ਉਨ੍ਹਾਂ ਵੱਖ ਵੱਖ ਹਲਕਿਆਂ ਦੇ ਆਗੂਆਂ ਅਤੇ ਸੀਨੀਅਰ ਵਰਕਰਾਂ ਨਾਲ ਵੀ ਟੈਲੀਫੋਨ ’ਤੇ ਵੋਟਿੰਗ ਬਾਰੇ ਜਾਣਕਾਰੀ ਹਾਸਲ ਕੀਤੀ।
ਸ੍ਰੀ ਢਿੱਲੋਂ ਨੇ ਕੈਨੇਡਾ ਤੋਂ ਆਈ ਆਪਣੀ ਧੀ ਕਿਰਨਪ੍ਰੀਤ ਕੌਰ ਅਤੇ ਦਾਮਾਦ ਅਮਨਪ੍ਰੀਤ ਸਿੰਘ ਸੰਧੂ ਨਾਲ ਵੀ ਗੱਲਾਂ ਬਾਤਾਂ ਕੀਤੀਆਂ, ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਚੋਣ ਪ੍ਰਚਾਰ ਲਈ ਇੱਥੇ ਆਏ ਹੋਏ ਹਨ। ਸ੍ਰੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਚੋਣ ਪ੍ਰਚਾਰ ਲਈ ਪਿਛਲੇ ਕਈ ਦਿਨਾਂ ਤੋਂ ਇੱਥੇ ਆਈ ਹੋਈ ਸੀ ਪਰ ਚੋਣ ਪ੍ਰਚਾਰ ਵਿੱਚ ਰੁੱਝੇ ਰਹਿਣ ਕਾਰਨ ਉਹ ਖੁੱਲ੍ਹ ਕੇ ਉਸ ਨਾਲ ਗੱਲਾਂ ਵੀ ਨਹੀਂ ਕਰ ਸਕੇ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹਰ ਵਰਗ ਵੱਲੋਂ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਅਕਾਲੀ ਆਗੂਆਂ, ਵਰਕਰਾਂ, ਆਪਣੇ ਸਮਰਥਕਾਂ, ਪਰਿਵਾਰਕ ਮੈਂਬਰਾਂ ਅਤੇ ਖਾਸ ਕਰਕੇ ਹਲਕੇ ਦੇ ਵੋਟਰਾਂ ਦਾ ਚੋਣ ਮੁਹਿੰਮ ਦੌਰਾਨ ਮਿਲੇ ਭਰਵੇਂ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।