ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 29 ਨਵੰਬਰ
ਪਰਵਾਸੀ ਲਾੜਿਆਂ ਦੇ ਫ਼ਰੇਬ ਦਾ ਸ਼ਿਕਾਰ ਹੋਈਆਂ ਧੀਆਂ ਨੂੰ ਇਨਸਾਫ਼ ਦਿਵਾਉਣ ਲਈ ਮੁੱਲਾਂਪੁਰ ਦਾਖਾ ਵਿਚ ਐਂਟੀ-ਕੁਰੱਪਸ਼ਨ ਫਾਊਂਡੇਸ਼ਨ ਆਫ਼ ਇੰਡੀਆ ਵੱਲੋਂ ਜਾਗਰੂਕਤਾ ਕੈਂਪ ਲਗਵਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਪਰਵਾਸੀ ਭਾਰਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਜਸਟਿਸ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਧੋਖੇਬਾਜ਼ ਪਰਵਾਸੀ ਲਾੜਿਆਂ ਵੱਲੋਂ ਫ਼ਰੇਬ ਕਰ ਕੇ ਹਾਸਲ ਕੀਤੀ ਸਹਿਮਤੀ ਬਾਅਦ ਪਤਨੀ ਨਾਲ ਬਣਾਏ ਸਰੀਰਕ ਸਬੰਧ ਬਲਾਤਕਾਰ ਦੀ ਸ਼੍ਰੇਣੀ ਵਿੱਚ ਸ਼ਾਮਲ ਹੁੰਦੇ ਹਨ। ਅਜਿਹੇ ਮਾਮਲਿਆਂ ਵਿਚ ਭਾਰਤੀ ਦੰਡਾਵਲੀ ਅਧੀਨ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ। ਇਸ ਦੌਰਾਨ ਖੇਤਰੀ ਪਾਸਪੋਰਟ ਅਧਿਕਾਰੀ ਪ੍ਰਨੀਤ ਸਿੰਘ, ਮੁੱਖ ਮਹਿਮਾਨ ਬੀਬੀ ਹਰਪ੍ਰੀਤ ਕੌਰ ਖ਼ਾਲਸਾ, ਫ਼ੌਲਾਦੀ ਔਰਤ ਹਰਪ੍ਰੀਤ ਕੌਰ ਬਰਾੜ, ਪਰਵਾਸੀ ਲਾੜਿਆਂ ਦੇ ਫ਼ਰੇਬ ਦਾ ਸ਼ਿਕਾਰ ਔਰਤਾਂ ਲਈ ਲੜਾਈ ਦੀ ਮੋਹਰੀ ਰਮਨਦੀਪ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।