ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਮਾਰਚ
ਮਹਿਲਾ ਦਿਵਸ ਵਾਲੇ ਦਿਨ ਟਿਊਸ਼ਨ ਅਧਿਆਪਕ ਦੇ ਘਰ ਪ੍ਰੈਕਟੀਕਲ ਦੀ ਕਾਪੀ ਲੈਣ ਗਈ ਨਾਬਾਲਗ ਵਿਦਿਆਰਥਣ ਨੂੰ ਉਸ ਦਾ ਅਧਿਆਪਕ ਆਪਣੇ ਨਾਲ ਦੋਸਤ ਦੇ ਘਰ ਢੋਲੇਵਾਲ ਲੈ ਗਿਆ। ਉਥੇ ਮੁਲਜ਼ਮ ਨੇ ਨਾਬਾਲਗ ਨਾਲ ਜਬਰ-ਜਨਾਹ ਕੀਤਾ ਤੇ ਅਗਲੇ ਦਿਨ ਉਸ ਨੂੰ ਘਰ ਕੋਲ ਛੱਡ ਕੇ ਫ਼ਰਾਰ ਹੋ ਗਿਆ। ਮੁਲਜ਼ਮ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਕੁਝ ਦੱਸੇਗੀ ਤਾਂ ਅੰਜਾਮ ਬੁਰਾ ਹੋਵੇਗਾ। ਜਦੋਂ ਲੜਕੀ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰ. 6 ਦੀ ਪੁਲੀਸ ਕੋਲ ਕੀਤੀ, ਪਰ ਕਾਰਵਾਈ ’ਚ ਢਿੱਲ ਵਰਤੇ ਜਾਣ ਦੇ ਵਿਰੋਧ ਵਿੱਚ ਅੱਜ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਅੱਜ ਥਾਣੇ ਦਾ ਘਿਰਾਓ ਕੀਤਾ। ਜਿਸ ਮਗਰੋਂ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਗੁਰੂ ਅਰਜਨ ਦੇਵ ਨਗਰ ਇਲਾਕੇ ’ਚ ਰਹਿਣ ਵਾਲੇ ਟਿਊਸ਼ਨ ਅਧਿਆਪਕ ਸੰਨੀ ਤੇ ਉਸ ਦੇ ਦੋਸਤ ਸਾਹਿਲ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਪੁੱਛ-ਗਿਛ ਕੀਤੀ ਜਾ ਰਹੀ ਹੈ।
14 ਸਾਲਾਂ ਦੀ ਲੜਕੀ ਨਾਲ ਜ਼ਬਰ-ਜਨਾਹ
ਸਮਰਾਲਾ (ਪੱਤਰ ਪ੍ਰੇਰਕ): ਇੱਕ ਨੇੜਲੇ ਪਿੰਡ ਦੀ 14 ਸਾਲਾਂ ਦੀ ਲੜਕੀ ਨਾਲ ਜ਼ਬਰ-ਜਨਾਹ ਦੇ ਦੋਸ਼ ਹੇਠ ਪੁਲੀਸ ਨੇ ਕੇਸ ਦਰਜ ਕਰਕੇ ਪੁਲੀਸ ਵੱਲੋਂ ਮੁਲਜ਼ਮ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ 14 ਸਾਲਾਂ ਦੀ ਲੜਕੀ ਨੂੰ ਉਸ ਦੇ ਪਿੰਡ ਦੇ ਹੀ ਇੱਕ ਨੌਜਵਾਨ ਅ੍ਰੰਮਿਤਪਾਲ ਸਿੰਘ ਉਰਫ ਗੋਲਡੀ ਨੇ ਡਰਾ-ਧਮਕਾ ਕੇ ਉਸ ਨਾਲ ਜ਼ਬਰ-ਜਨਾਹ ਕੀਤਾ। ਥਾਣਾ ਮੁੱਖੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।