ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਸਤੰਬਰ
ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਕਾਂਗਰਸ ’ਚੋਂ 6 ਸਾਲ ਲਈ ਬਰਖ਼ਾਸਤ ਕੀਤੇ ਸਾਬਕਾ ਕੌਂਸਲਰ ਅਮਰ ਨਾਥ ਕਾਲਾ ਕਲਿਆਣ ਨਾਲ ਅੱਜ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਸਮੇਤ ਕੁਝ ਕੌਂਸਲਰਾਂ ਤੇ ਆਗੂਆਂ ਨੇ ਮੀਟਿੰਗ ਕਰ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਹ ਉਹੀ 8 ਕੌਂਸਲਰ ਹਨ ਜਿਹੜੇ ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਪ੍ਰਧਾਨ ਨੂੰ ਗੱਦੀਓਂ ਲਾਹੁਣ ਲਈ ‘ਲੀਕ ਖਿੱਚ ਕੇ’ ਅੱਗੇ ਵਧ ਚੁੱਕੇ ਹਨ। ਮੀਟਿੰਗ ਦੌਰਾਨ ਕਾਲਾ ਕਲਿਆਣ ਨੇ ਕਿਹਾ ਕਿ ਗ਼ਲਤ ਨੀਤੀਆਂ ਕਾਰਨ ਹੀ ਕਾਂਗਰਸ ਪਾਰਟੀ ਹਾਸ਼ੀਏ ’ਤੇ ਜਾ ਰਹੀ ਹੈ।
ਸਾਬਕਾ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹੁਣ ਤੱਕ ਨਗਰ ਕੌਂਸਲਰ ਦੀਆਂ ਲਗਾਤਾਰ ਚਾਰ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ। ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਕਲਿਆਣ, ਦੂਜੀ ਵਾਰ ਉਹ ਖੁਦ, ਤੀਜੀ ਵਾਰ ਚਰਨਜੀਤ ਕੌਰ ਅਤੇ ਇਸ ਵਾਰ ਉਨ੍ਹਾਂ ਦੀ ਨੂੰਹ ਪਰਮਿੰਦਰ ਕੌਰ ਕੌਂਸਲਰ ਚੁਣੇ ਗਏ ਪਰ ਲੰਘੀਆਂ ਨਗਰ ਕੌਂਸਲ ਚੋਣਾਂ ਦੌਰਾਨ ਪਾਰਟੀ ਦੇ ਜਿੱਤੇ ਹੋਏ ਸੀਨੀਅਰ ਕੌਂਸਲਰਾਂ ਨੂੰ ਅੱਖੋਂ ਪਰੋਖੇ ਕਰ ਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਰਿਸ਼ਤੇਦਾਰ ਕੌਂਸਲਰ ਜਤਿੰਦਰਪਾਲ ਰਾਣਾ ਨੂੰ ਨਗਰ ਕੌਸਲ ਦਾ ਪ੍ਰਧਾਨ ਬਣਾਇਆ ਗਿਆ। ਉਸ ਤੋਂ ਬਾਅਦ ਹੁਣ ਤੱਕ ਨਗਰ ਕੌਂਸਲ ’ਚ ਕਿਸੇ ਵੀ ਕੌਂਸਲਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਵਿਕਾਸ ਦੇ ਕੰਮ ਠੱਪ ਪਏ ਹਨ ਤੇ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਸਾਬਕਾ ਪ੍ਰਧਾਨ ਰਵਿੰਦਰ ਸਭਰਵਾਲ ਤੋਂ ਇਲਾਵਾ ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਅਨਮੋਲ ਗੁਪਤਾ, ਕੌਂਸਲਰ ਜਗਜੀਤ ਜੱਗੀ, ਅਜੀਤ ਸਿੰਘ ਠੁਕਰਾਲ, ਰਾਜ ਭਾਰਦਵਾਜ, ਵਰਿੰਦਰ ਸਿੰਘ ਕਲੇਰ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕਾਂਗਰਸੀਆਂ ਦਾ ਵਫ਼ਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲਿਆ ਸੀ ਜਿਸ ਮਗਰੋਂ ਕਲਿਆਣ ਨੂੰ ਬਰਖ਼ਾਸਤ ਕੀਤਾ ਗਿਆ।