ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜੁਲਾਈ
ਇਥੋਂ ਦੀ ਇਕ ਰਿਫਾਈਨਰੀ ’ਤੇ ਰਸਾਇਣਕ ਪਾਣੀ ਧਰਤੀ ਹੇਠਾਂ ਪਾਉਣ ਦੇ ਲੱਗੇ ਦੋਸ਼ਾਂ ਅਤੇ ਉਸ ਦੇ ਨਤੀਜੇ ਵਜੋਂ ਨੇੜਲੀ ਜ਼ਮੀਨ ਹੇਠਾਂ ਗੰਧਲੇ ਹੋਏ ਪਾਣੀ ਦੀ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਰਿਫਾਈਨਰੀ ਨੇੜਲੇ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਬੀਕੇਯੂ ਏਕਤਾ (ਡਕੌਂਦਾ) ਦੇ ਵਫ਼ਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੂੰ ਮਿਲ ਕੇ ਦਿੱਤੇ ਮੰਗ ਪੱਤਰ ਤੋਂ ਬਾਅਦ ਇਸ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡੀਐੱਸਪੀ ਸਤਵਿੰਦਰ ਸਿੰਘ ਵਿਰਕ ਦੀ ਹਾਜ਼ਰੀ ’ਚ ਜਾਂਚ ਲਈ ਕਮੇਟੀ ਦਾ ਐਲਾਨ ਕੀਤਾ ਗਿਆ।
ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਏਡੀਸੀ ਸਰੀਨ ਨੇ ਉਪ ਮੰਡਲ ਮੈਜਿਸਟਰੇਟ ਮਨਜੀਤ ਕੌਰ ਦੀ ਅਗਵਾਈ ਹੇਠ ਇਹ ਕਮੇਟੀ ਬਣਾਈ ਹੈ। ਇਸ ’ਚ ਨਾਇਬ ਤਹਿਸੀਲਦਾਰ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਲਾਵਾ ਬੀਕੇਯੂ (ਡਕੌਂਦਾ) ਵਲੋਂ ਮਹਿੰਦਰ ਸਿੰਘ ਕਮਾਲਪੁਰਾ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਏਡੀਸੀ ਵੱਲੋਂ ਪੜਤਾਲੀਆ ਟੀਮ ਨੂੰ ਦੋ ਦਿਨਾਂ ਅੰਦਰ ਨਿਰੀਖਣ ਕਰਕੇ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਹੈ। ਐੱਸਡੀਐੱਮ ਮਨਜੀਤ ਕੌਰ ਇਸ ਪੰਜ ਮੈਂਬਰੀ ਕਮੇਟੀ ਦੇ ਚੇਅਰਪਰਸਨ ਹੋਣਗੇ।
ਉੱਧਰ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਅੱਗੇ ਤੋਰਨ ਲਈ ਇਲਾਕੇ ਦੀ ਕਮੇਟੀ ਬਣਾਈ ਹੈ ਜਿਸ ’ਚ ਸਰਪੰਚ ਜਸਵਿੰਦਰ ਸਿੰਘ ਸਵੱਦੀ ਖੁਰਦ, ਸਰਪੰਚ ਏਕਮ ਸਿੰਘ ਫਤਹਿਗੜ੍ਹ ਸਿਵੀਆ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਪ੍ਰਧਾਨ ਅਰਜਨ ਸਿੰਘ ਖੇਲਾ, ਹਰਜੀਤ ਸਿੰਘ ਜਨੇਤਪੁਰਾ, ਬਚਿੱਤਰ ਸਿੰਘ ਜਨੇਤਪੁਰਾ, ਜੋਗਿੰਦਰ ਸਿੰਘ ਮਲਸੀਹਾਂ ਬਾਜਣ ਹੋਣਗੇ ਅਤੇ ਇਹ ਸਾਰੇ ਪੜਤਾਲ ’ਚ ਸ਼ਾਮਲ ਹੋਣਗੇ। ਬਾਅਦ ’ਚ ਸਾਰੇ ਪਿੰਡਾਂ ‘ਚੋਂ ਦੋ-ਦੋ ਮੈਂਬਰ ਲੈ ਕੇ ਵੱਡੀ ਸੰਘਰਸ਼ ਕਮੇਟੀ ਬਣਾਈ ਜਾਵੇਗੀ ਜੋ ਅਗਲੇ ਸੰਘਰਸ਼ ਦੀ ਅਗਵਾਈ ਕਰੇਗੀ। ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਪੜਤਾਲ ਕਰਕੇ ਢੁੱਕਵੀਂ ਕਾਰਵਾਈ ਨਾ ਕਰਨ ’ਤੇ ਰਿਫਾਈਨਰੀ ਮੂਹਰੇ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਰਿਫਾਈਨਰੀ ਨੇੜਲੇ ਖੇਤਾਂ ਦੀਆਂ ਮੋਟਰਾਂ ‘ਚੋਂ ਗੰਧਲਾ ਤੇ ਦੂਸ਼ਿਤ ਪਾਣੀ ਆਉਣਾ ਸ਼ੁਰੂ ਹੋ ਗਿਆ ਜਿਸ ਕਰਕੇ ਦਰਜਨਾਂ ਪਿੰਡਾਂ ਦੇ ਲੋਕ ਚਿੰਤਤ ਹਨ। ਇਸ ਮੌਕੇ ਮਨਜਿੰਦਰ ਸਿੰਘ ਮੋਰਕਰੀਮਾ, ਦੇਸਰਾਜ ਸਿੰਘ ਕਮਾਲਪੁਰਾ, ਹਰੀ ਸਿੰਘ, ਰਵਿੰਦਰ ਸਿੰਘ ਸੋਢੀਵਾਲ, ਤਰਲੋਚਨ ਸਿੰਘ ਰਾਜੋਆਣਾ, ਸਵਰਨ ਸਿੰਘ, ਜਗਦੀਸ਼ ਸਿੰਘ ਮਲਸੀਹਾਂ, ਜਲਵੰਤ ਸਿੰਘ ਅੱਬੂਪੁਰਾ, ਸਣੇ ਹੋਰ ਪੰਚ-ਸਰਪੰਚ ਵੀ ਮੌਜੂਦ ਸਨ।