ਗਗਨਦੀਪ ਅਰੋੜਾ
ਲੁਧਿਆਣਾ, 11 ਦਸੰਬਰ
ਸਨਅਤੀ ਸ਼ਹਿਰ ਵਿੱਚ ਭਾਜਪਾ ਦੀ ਚੋਣਾਂ ਮੁਹਿੰਮ ਨੂੰ ਮਘਾਉਣ ਲਈ ਪੁੱਜੀ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੀ ਮਹਿਲਾ ਆਗੂ ਨੇ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਉਤਰ ਪ੍ਰਦੇਸ਼ ਨੂੰ ਸੁਧਾਰ ਦਿੱਤਾ ਹੈ, ਹੁਣ ਪੰਜਾਬ ਦੀ ਵਾਰੀ ਹੈ। ਉਹ ਇੱਥੇ ਭਾਜਪਾ ਵੱਲੋਂ ਰੱਖੇ ਸਮਾਗਮ ਵਿੱਚ ਹਿੱਸਾ ਲੈਣ ਆਈ ਸੀ, ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸਮਾਜ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਵਕੀਲਾਂ ਦੀ ਹੀ ਹੈ।
ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਮੁਫ਼ਤ ਚੀਜ਼ਾਂ ਦੇਣ ਦੇ ਕੀਤੇ ਐਲਾਨਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਮੀਨਾਕਸ਼ੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਹੋਰਨਾਂ ਪਾਰਟੀਆਂ ਸਟਾਲ ਲਗਾ ਕੇ ਬੈਠੀਆਂ ਹਨ, ਜੋ ਹਰ ਚੀਜ਼ ਮੁਫ਼ਤ ਕਰ ਰਹੇ ਹਨ। ਸੱਚ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਚੰਗੀ ਯੋਜਨਾਵਾਂ ਅਤੇ ਪ੍ਰਸ਼ਾਸ਼ਨ ਚਾਹੀਦਾ ਹੈ, ਤਾਂ ਹੀ ਸਮਾਜ ਤੇ ਹਰ ਵਰਗ ਦੀ ਤਰੱਕੀ ਹੋ ਸਕਦੀ ਹੈ। ਉਨ੍ਹਾਂ ਦੋਸ਼ ਲਗਾਏ ਕਿ ਪੰਜਾਬ ਸਰਕਾਰ ਯੋਜਨਾਵਾਂ ’ਚ ਫੇਲ੍ਹ ਸਾਬਿਤ ਹੋਈ ਹੈ। ਪੈਟਰੋਲ ਦੇ ਵਧੇ ਭਾਅ ਲਈ ਵੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪੰਜਾਬ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਵੀ ਘਪਲਾ ਕੀਤਾ ਗਿਆ ਹੈ। ਪੈਸਾ ਲਾਭਪਾਤਰੀ ਦੇ ਖਾਤੇ ’ਚ ਜਾਣਾ ਸੀ, ਪਰ ਇੱਥੇ ਚੈਕ ਦਿੱਤੇ ਜਾ ਰਹੇ ਹਨ।
ਕਈ ਵਕੀਲ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਤਾਕਤ ਮਿਲੀ ਜਦੋਂ ਕਈ ਪ੍ਰਮੁੱਖ ਵਕੀਲਾਂ ਨੇ ਪਾਰਟੀ ਵਿੱਚ ਸ਼ਾਮਲ ਹੋਕੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਫ਼ੈਸਲਾ ਕੀਤਾ। ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ਵਿੱਚ ਹੋਏ ਸਮਾਗਮ ਦੌਰਾਨ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਵਕੀਲ ਭਾਈਚਾਰੇ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਮਿਨਾਕਸ਼ੀ ਲੇਖੀ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਸ੍ਰੀਮਤੀ ਲੇਖੀ ਨੇ ਐਡਵੋਕੇਟ ਦੀਪਕ ਸ਼ਰਮਾ, ਐਡਵੋਕੇਟ ਅਭੀਜੀਤ ਸਿੰਘ ਸੰਧੂ, ਐਡਵੋਕੇਟ ਰਾਜਿੰਦਰ ਸਿੰਘ ਭੰਡਾਰੀ, ਐਡਵੋਕੇਟ ਰਾਮਜੀਤ ਯਾਦਵ, ਐਡਵੋਕੇਟ ਸੰਜੇ ਭੰਡਾਰੀ, ਐਡਵੋਕੇਟ ਅਮਿਤ ਸੌਂਦ, ਐਡਵੋਕੇਟ ਲਵਲੀਨ ਸ਼ਰਮਾ, ਐਡਵੋਕੇਟ ਕਰਨ, ਐਡਵੋਕੇਟ ਗੌਰਵ ਮਿਗਲਾਨੀ, ਐਡਵੋਕੇਟ ਨਿਖਿਲ ਕੁਮਾਰ, ਐਡਵਵੋਕੇਟ ਲਵਪ੍ਰੀਤ, ਐਡਵੋਕੇਟ ਅਮਨਦੀਪ ਚੌਰਸੀਆ, ਐਡਵੋਕੇਟ ਅਰਜੁਨ ਕੁਮਾਰ, ਐਡਵੋਕੇਟ ਗਗਨਦੀਪ ਬੇਦੀ ਅਤੇ ਐਡਵੋਕੇਟ ਰਾਕੇਸ਼ ਸਿੰਘ ਨੂੰ ਸਨਮਾਨਿਤ ਕੀਤਾ।