ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਅਕਤੂਬਰ
ਝੋਨੇ ਦੀ ਖ਼ਰੀਦ ਦੇ ਮਾਮਲੇ ਵਿਚ ਕਿਸਾਨਾਂ ਦੀ ਖ਼ੱਜਲ-ਖ਼ੁਆਰੀ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਬਾਅਦ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਪੱਖੋਵਾਲ ਕਨਵੀਨਰ ਕੁਲਦੀਪ ਸਿੰਘ ਗੁੱਜਰਵਾਲ ਦੀ ਅਗਵਾਈ ਵਿਚ ਮੰਡੀਆਂ ਦੇ ਦੌਰੇ ਦੌਰਾਨ ਘੱਟ ਨਮੀ ਵਾਲਾ ਝੋਨਾ ਵੀ ਖਿਲਾਰਿਆ ਹੋਇਆ ਮਿਲਿਆ ਤਾਂ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਖ਼ਰੀਦ ਏਜੰਸੀਆਂ ਦੇ ਅਫ਼ਸਰਾਂ ਨੂੰ ਤਾੜਨਾ ਕੀਤੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਨਾ ਕੀਤੀ ਤਾਂ ਉਨ੍ਹਾਂ ਦੇ ਘਿਰਾਓ ਕੀਤੇ ਜਾਣਗੇ। ਗੁੱਜਰਵਾਲ ਮੰਡੀ ਵਿਚ ਕਈ ਦਿਨਾਂ ਤੋਂ ਖੱਜਲ ਹੋ ਰਹੇ ਕਿਸਾਨਾਂ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਉਨ੍ਹਾਂ ਦੀ ਫ਼ਸਲ ਖ਼ਰੀਦ ਕਰ ਲਈ ਗਈ। ਕਿਸਾਨ ਆਗੂਆਂ ਵੱਲੋਂ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਵੀ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਦੀ ਅਪੀਲ ਕੀਤੀ। ਮੰਡੀਆਂ ਵਿੱਚ ਹਾਜ਼ਰ ਕਿਸਾਨਾਂ ਨੇ ਆਪਣੀਆਂ ਤਕਲੀਫ਼ਾਂ ਕਿਸਾਨ ਆਗੂਆਂ ਨਾਲ ਸਾਂਝੀਆਂ ਕੀਤੀਆਂ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ, ਬਲਦੇਵ ਸਿੰਘ ਜੀਰਖ, ਚਰਨਜੀਤ ਸਿੰਘ ਫੱਲੇਵਾਲ ਅਤੇ ਦਰਸ਼ਨ ਸਿੰਘ ਫੱਲੇਵਾਲ ਸਮੇਤ ਹੋਰ ਕਿਸਾਨ ਆਗੂ ਵੀ ਇਸ ਟੀਮ ਵਿਚ ਸ਼ਾਮਲ ਸਨ।