ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜੁਲਾਈ
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਪਰਵਾਸ ਮੈਗਜ਼ੀਨ ਦਾ ਅਠਾਰ੍ਹਵਾਂ ਅੰਕ ਭਾਗ ਪਹਿਲਾ ਯੂਰਪੀਅਨ ਲੇਖਕ ਤੇ ਪੰਜਾਬੀ ਸਾਹਿਤ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਸੱਥ ਯੂਕੇ ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਕਲੀਵਲੈਂਡ ਯੂਨੀਵਰਸਿਟੀ ਅਮਰੀਕਾ ਦੇ ਪ੍ਰੋਫ਼ੈਸਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਐੱਸਪੀ ਸਿੰਘ ਨੇ ਦੱਸਿਆ ਕਿ ਇਸ ਅੰਕ ਵਿਚ ਬਰਤਾਨੀਆ ਨੂੰ ਛੱਡ ਕੇ ਯੂਰੋਪ (ਇਟਲੀ, ਜਰਮਨੀ, ਗਰੀਸ, ਪੁਰਤਗਾਲ, ਫਰਾਂਸ, ਸਵੀਡਨ, ਬੈਲਜੀਅਮ ਆਦਿ) ਦੇ ਗਿਆਰਾਂ ਮੁਲਕਾਂ ਵਿੱਚ ਸਰਗਰਮ 46 ਪੰਜਾਬੀ ਲੇਖਕਾਂ ਦਾ ਜੀਵਨ ਬਿਓਰਾ, ਉਨ੍ਹਾਂ ਦੀਆਂ ਰਚਨਾਵਾਂ ਅਤੇ ਯੂਰਪ ਵਿਚ ਦੋ ਸਰਗਰਮ ਪੰਜਾਬੀ ਸਾਹਿਤ ਸਭਾਵਾਂ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪੰਜ ਨਾਦ ਸੰਸਥਾ ਜਰਮਨੀ ਦੀ ਸਥਾਪਨਾ ਤੇ ਹੁਣ ਤਕ ਦੀਆਂ ਕਾਰਗੁਜ਼ਾਰੀਆਂ ਬਾਰੇ ਲੇਖ ਸ਼ਾਮਲ ਹਨ। ‘ਪਰਵਾਸ’ ਮੈਗਜ਼ੀਨ ਦੇ ਮੁੱਖ ਸਲਾਹਕਾਰ ਪ੍ਰੋ. ਗੁਰਭਜਨ ਗਿੱਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਆਪਣੇ ਅਧਿਆਪਨ ਦੇ ਤਜ਼ਰਬੇ ਤੇ ਪਰਵਾਸ ਦੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।