ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਦੀ 1985 ’ਚ ਪਹਿਲੀ ਵਾਰ ਛਪੀ ਪਹਿਲੀ ਗ਼ਜ਼ਲ ਪੁਸਤਕ ‘ਹਰ ਧੁਖਦਾ ਪਿੰਡ ਮੇਰਾ ਹੈ’ ਦਾ ਚੌਥਾ ਐਡੀਸ਼ਨ ਰਿਲੀਜ਼ ਕੀਤਾ। ਡਾ. ਦੀਪਕ ਮਨਮੋਹਨ ਨੇ ਕਿਹਾ ਕਿ ਉਹ 1975 ਤੋਂ ਸ਼੍ਰੀ ਗਿੱਲ ਦੀ ਕਵਿਤਾ ਨੂੰ ਲਗਾਤਾਰ ਵਾਚਦੇ ਆ ਰਹੇ ਹਨ, ਜਦੋਂ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਵਿਤਾ ‘ਸ਼ੀਸ਼ਾ ਝੂਠ ਬੋਲਦਾ ਹੈ’ ਲਿਖਣ ਬਦਲੇ ‘ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਗੋਲਡ ਮੈਡਲ’ ਨਾਲ ਸਨਮਾਨਿਤ ਕੀਤਾ ਸੀ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਲਗਪਗ ਇਕੱਠਿਆਂ ਹੀ ਲਿਖਣਾ, ਪੜ੍ਹਨਾ ਸ਼ੁਰੂ ਕੀਤਾ ਸੀ ਪਰ ਕਵਿਤਾ ਸਿਰਜਣ ਵਿੱਚ ਬਣਾਈ ਲਗਾਤਾਰਤਾ ਕਾਰਨ ਉਹ ਅੱਜ ਮਾਣਮੱਤਾ ਸਮਕਾਲੀ ਮਿੱਤਰ ਤੇ ਕਵੀ ਹੈ। ਇਸ ਮੌਕੇ ਪ੍ਰੋ. ਗਿੱਲ ਦੀ ਪਤਨੀ ਜਸਵਿੰਦਰ ਕੌਰ ਗਿੱਲ ਤੇ ਅਮਰੀਕਾ ਤੋਂ ਜਸਜੀਤ ਸਿੰਘ ਨੱਤ ਵੀ ਸ਼ਾਮਲ ਸਨ।