ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਅਕਤੂਬਰ
ਪਿੰਡ ਪੱਖੋਵਾਲ ਵਿੱਚ ਇੱਕ ਧਾਰਮਿਕ ਸੰਪਰਦਾਇ ਦੇ ਸਮਾਗਮ ਸਬੰਧੀ ਦੋ ਧੜਿਆਂ ਵਿੱਚ ਬਣੀ ਖਿੱਚੋਤਾਣ ਦੀ ਸਥਿਤੀ ਕਾਰਨ ਹਾਲਾਤ ਤਣਾਅਪੂਰਵਕ ਬਣੇ ਰਹੇ। ਪਹਿਲਾਂ ਤਾਂ ਇੱਕ ਧੜੇ ਵੱਲੋਂ ਕੀਤੇ ਜਾਣ ਵਾਲੇ ਸਮਾਗਮ ਲਈ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਕਸ਼ਮਕਸ਼ ਚੱਲਦੀ ਰਹੀ ਪਰ ਬਾਅਦ ਦੁਪਹਿਰ ਪ੍ਰਸ਼ਾਸਨ ਵੱਲੋਂ ਸਮਾਗਮ ਲਈ ਸ਼ਾਮ 4 ਤੋਂ 6 ਵਜੇ ਤੱਕ ਲਈ ਪ੍ਰਵਾਨਗੀ ਦੇ ਦਿੱਤੀ ਗਈ।
ਸੰਖੇਪ ਧਾਰਮਿਕ ਸਮਾਗਮ ਨੇਪਰੇ ਚੜ੍ਹਨ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਡਿਊਟੀ ਅਫ਼ਸਰ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਥਿਤੀ ਉੱਪਰ ਨਜ਼ਰ ਰੱਖਣ ਲਈ ਡੀਐੱਸਪੀ ਦਾਖਾ ਹਰਜੀਤ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਥਾਣਾ ਸੁਧਾਰ ਅਤੇ ਜੋਧਾਂ ਦੀ ਪੁਲੀਸ ਫੋਰਸ ਤਾਇਨਾਤ ਰਹੀ। ਥਾਣਾ ਮੁਖੀ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਗਮ ਕਰਨ ਵਾਲੀ ਧਿਰ ਵੱਲੋਂ ਦਿੱਤੇ ਭਰੋਸੇ ਅਤੇ ਦੂਜੀ ਧਿਰ ਦੀ ਸਹਿਮਤੀ ਤੋਂ ਬਾਅਦ ਹੀ ਸਮਾਗਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸਰਪੰਚ ਚਰਨਜੀਤ ਸਿੰਘ ਨੇ ਦੋਵੇਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸਮਾਗਮ ਦੇ ਪ੍ਰਬੰਧਕ ਹਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਢੈਪਈ ਨੇ ਕਿਹਾ ਕਿ ਕਿਸੇ ਕਿਸਮ ਦਾ ਕੋਈ ਵਿਵਾਦ ਨਹੀਂ ਹੈ। ਸਮਾਗਮ ਦੀ ਸਮਾਪਤੀ ਬਾਅਦ ਪਿੰਡ ਢੈਪਈ ਵਿੱਚ ਸਥਿਤ ਸੰਪਰਦਾਇ ਦੇ ਇੱਕ ਹੋਰ ਧਾਰਮਿਕ ਡੇਰੇ ਲਈ ਰਵਾਨਾ ਹੋ ਗਏ।