ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਪਰੈਲ
ਵੱਖ-ਵੱਖ ਗੁਰੂਘਰਾਂ ਵਿੱਚ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮਨਾਈ ਗਈ, ਜਿਸ ਵਿੱਚ ਸੰਗਤ ਨੇ ਵਧ ਚੜ੍ਹਕੇ ਸ਼ਮੂਲੀਅਤ ਕਰਦਿਆਂ ਨਾਮ ਬਾਣੀ ਦਾ ਲਾਹਾ ਖੱਟਿਆ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿੱਚ ਹੋਏ ਸਮਾਗਮ ਦੌਰਾਨ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਗੁਰਕੀਰਤ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਕਰਨੈਲ ਸਿੰਘ, ਭਾਈ ਕੁਲਵਿੰਦਰ ਸਿੰਘ ਸਮੇਤ ਭਾਈ ਹਰਪਾਲ ਸਿੰਘ ਦਮਦਮੀ ਟਕਸਾਲ ਦੇ ਜਥਿਆਂ ਨੇ ਕੀਰਤਨ ਕੀਤਾ। ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਹੋਏ ਅੰਮ੍ਰਿਤ ਸੰਚਾਰ ਵਿੱਚ 280 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸ ਤਰ੍ਹਾਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਸਜੇ ਦੀਵਾਨ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਾਗਾਂ ਵਿੱਚ ਕੀਰਤਨ ਕੀਤਾ ਜਦਕਿ ਅਕੈਡਮੀ ਦੇ ਛੋਟੇ ਵਿਦਿਆਰਥੀਆਂ ਨੇ ਵੀ ਸੰਗਤ ਨੂੰ ਕੀਰਤਨ ਨਾਲ ਜੋੜਿਆ। ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਢੋਲੇਵਾਲ ਚੌਕ ਵਿੱਚ ਸਮਾਗਮ ਕਰਵਾਇਆ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਰਾਮਗੜ੍ਹੀਆ ਭਵਨ ਵਿੱਚ ਅੱਜ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਵੱਲੋਂ ਵੈਸਾਖ ਮਹੀਨੇ ਦੀ ਸੰਗਰਾਂਦ ਅਤੇ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਬਾਬਾ ਸਵਰਨ ਸਿੰਘ ਮਲਕਪੁਰ ਵੱਲੋਂ ਬਾਰਾਮਾਹ ਦੀ ਕਥਾ ਵਖਿਆਨ ਅਤੇ ਭਾਈ ਸਿਮਰਨਜੀਤ ਸਿੰਘ ਤੇ ਭਾਈ ਕਰਨੈਲ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਸ਼ਮਿੰਦਰ ਸਿੰਘ ਮਿੰਟੂ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਇਥੋਂ ਦੇ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਵਿਸਾਖੀ ਦਿਹਾੜੇ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਦੋਰਾਹਾ (ਪੱਤਰ ਪ੍ਰੇਰਕ): ਖਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਥੋਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਧਾਰਿਮਕ ਸਮਾਗਮ ਕਰਵਾਇ। ਗੁਰਦੁਆਰਾ ਕਲਗੀਧਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਲੂ ਬਾਬਾ ਅਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਮਾ.ਇੰਦਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸੱਭਿਆਚਾਰਕ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ।