ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਅਪਰੈਲ
ਪਿੰਡ ਰਸੂਲਪੁਰ ਵਿੱਚ ਹਰ ਸਾਲ ਵਾਂਗ ਵਿਸਾਖੀ ਨੂੰ ਸਮਰਪਿਤ ਧਾਰਮਿਕ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਬਾਬਾ ਸਾਧੂ ਰਾਮ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ’ਚ ਹੋਏ ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਜਮਾਤਾਂ ਦੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਗੁਰਬਾਣੀ ਕੰਠ, ਲੰਮੇ ਕੇਸ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਦੋ ਭਾਗਾਂ ’ਚ ਵੰਡ ਕੇ ਕਰਵਾਏ ਗਏ। ਪਹਿਲੇ ਭਾਗ ’ਚ 8 ਤੋਂ 14 ਸਾਲ ਅਤੇ ਦੂਜੇ ’ਚ 14 ਤੋਂ 17 ਸਾਲ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ। ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਬਾਣੀ ਕੰਠ ’ਚੋਂ ਸੁਖਮਨਪ੍ਰੀਤ ਸਿੰਘ ਪਹਿਲੇ, ਅਨਮੋਲ ਸਿੰਘ ਦੂਜੇ ਅਤੇ ਭੁਪਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। ਗੁਰਬਾਣੀ ਕੰਠ ਦੇ ਹੀ 14 ਸਾਲ ਤੋਂ ਉਪਰਲੇ ਉਮਰ ਵਰਗ ਦੇ ਮੁਕਾਬਲੇ ’ਚ ਬੂਟਾ ਸਿੰਘ, ਗੁਰਜੰਟ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਰਹੇ। ਲੰਮੇ ਕੇਸ ਅਤੇ ਕੇਸਾਂ ਦੀ ਸਾਂਭ ਸੰਭਾਲ ਮੁਕਾਬਲੇ ’ਚ ਹਰਜੋਤ ਸਿੰਘ ਨੇ ਪਹਿਲਾ, ਅਰਪਨ ਸਿੰਘ ਨੇ ਦੂਜਾ ਅਤੇ ਹਿੰਮਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲੇ ’ਚ ਤਰਨਦੀਪ ਸਿੰਘ ਪਹਿਲੇ, ਸੁਖਮੋਹਨ ਸਿੰਘ ਦੂਜੇ ਅਤੇ ਪਰਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। ਮੁਕਾਬਲਿਆਂ ਸਮੇਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿਤਪਾਲ ਸਿੰਘ ਮੱਲ੍ਹਾ ਨੇ ਨਿਭਾਈ। ਜੇਤੂਆਂ ਨੂੰ ਇਨਾਮਾਂ ਦੀ ਵੰਡ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਹੋਰਨਾਂ ਅਹੁਦੇਦਾਰਾਂ ਨਾਲ ਮਿਲ ਕੇ ਕੀਤੀ। ਇਸ ਮੌਕੇ ਕੈਪਟਨ ਵੀਰ ਸਿੰਘ, ਗੁਰਦਿਆਲ ਸਿੰਘ, ਦਲਜੀਤ ਸਿੰਘ, ਪ੍ਰਿੰਸੀਪਲ ਜਸਵਿੰਦਰ ਕੌਰ, ਰਜਿੰਦਰ ਸਿੰਘ ਆਦਿ ਮੌਜੂਦ ਸਨ।