ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਅਗਸਤ
ਸਪਰਿੰਗ ਡੇਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਫਲਾਹੀ ਸਾਹਿਬ ਪਿੰਡ ਦੁਲੇਅ ਵਿਖੇ ਜੱਥੇਦਾਰ ਸੰਤੋਖ ਸਿੰਘ ਮੁਗਿੰਦ ਦੀ 19ਵੀਂ ਬਰਸੀ ਮੌਕੇ ਹੋਏ ਮੁਕਾਬਲਿਆਂ ਵਿੱਚੋਂ ਕਈ ਇਨਾਮ ਪ੍ਰਾਪਤ ਕੀਤੇ ਹਨ।
ਇਹ ਮੁਕਾਬਲੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਵਰਗ ਵਿੱਚ ਕਰਵਾਏ ਗਏ। ਇਸ ਦੌਰਾਨ ਸ਼ਬਦ ਗਾਇਨ, ਸ਼ੁੱਧ ਗੁਰਬਾਣੀ, ਦਸਤਾਰ ਸਜਾਓ, ਲੈਕਚਰ, ਕਵਿਤਾ, ਪੇਂਟਿੰਗ/ਕੈਲੀਗ੍ਰਾਫੀ, ਗੱਤਕਾ ਅਤੇ 100 ਮੀਟਰ ਦੌੜਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਹਰਮਨ ਸਿੰਘ ਨੇ ਕਵਿਤਾ ਅਤੇ ਤਵਲੀਨ ਕੌਰ ਨੇ ਲੈਕਚਰ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਸ਼ਨੂਰ ਕੌਰ ਨੇ ਕਵਿਤਾ, ਜਸ਼ਨ ਸ਼ਰਮਾ ਨੇ ਲੈਕਚਰ, ਸਿਮਰਨ ਕੌਰ ਨੇ ਪੇਂਟਿੰਗ, ਦੇਵ ਅਸੀਸ ਨੇ ਗੁਰਬਾਣੀ ਕੰਠ ਮੁਕਾਬਲਾ, ਸ਼ਿਵ ਓਮ ਨੇ 100 ਮੀਟਰ ਦੌੜ, ਮਨਵੀਰ ਸਿੰਘ ਨੇ ਦਸਤਾਰ ਸਜਾਓ ਮੁਕਾਬਲੇ ਵਿੱਚ ਦੂਜੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਨ੍ਹਾਂ ਤੋਂ ਇਲਾਵਾ ਸ਼ਬਦ ਗਾਇਨ ਟੀਮ, ਗੱਤਕਾ ਟੀਮ, ਸਰਬਜੋਤ ਸਿੰਘ ਨੂੰ ਸ਼ੁੱਧ ਗੁਰਬਾਣੀ ਕੰਠ ਮੁਕਾਬਲਾ, ਦ੍ਰਿਸ਼ਟੀ ਨੂੰ ਪੇਂਟਿੰਗ, ਗੁਰਮਨ ਸਿੰਘ ਨੂੰ ਦਸਤਾਰ ਸਜਾਓ ਮੁਕਾਬਲੇ ਵਿੱਚੋਂ ਤੀਜੇ ਸਥਾਨ ਪ੍ਰਾਪਤ ਹੋਏ। ਸਕੂਲ ਦੀ ਵਿਦਿਆਰਥਣ ਅੰਮ੍ਰਿਤ ਕੌਰ ਅਤੇ ਹਿਸ਼ਮੀਤ ਕੌਰ ਨੂੰ ਪੇਂਟਿੰਗ ਮੁਕਾਬਲੇ ਦਾ ਹੌਸਲਾ ਵਧਾਊ ਇਨਾਮ ਮਿਲਿਆ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਸਕੂਲ ਦੇ ਪ੍ਰਧਾਨ ਸੁਖਦੇਵ ਸਿੰਘ, ਡਾਇਰੈਕਟਰਾਂ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਮੁਕਾਬਲਿਆਂ ਵਿੱਚੋਂ ਇਨਾਮ ਜਿੱਤਣ ਵਾਲੇ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਧਾਰਮਿਕ ਪ੍ਰੀਖਿਆ ਵਿੱਚੋਂ ਝਾੜ ਸਾਹਿਬ ਦੀ ਹਮਨਿੰਦਰ ਕੌਰ ਅੱਵਲ
ਮਾਛੀਵਾੜਾ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਮਾਰਚ-2022 ਵਿੱਚ ਕਰਵਾਈ ਗਈ ਤੀਜੇ ਦਰਜੇ ਦੀ ਧਾਰਮਿਕ ਪ੍ਰੀਖਿਆ ਵਿੱਚੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੀ ਵਿਦਿਆਰਥਣ ਹਮਨਿੰਦਰ ਕੌਰ ਨੇ 85 ਫੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚਲੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਦੇਸ਼ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੀਖਿਆ ਵਿਚ 1593 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਕਾਲਜ ਵਿਦਿਆਰਥਣ ਪ੍ਰਭਨੂਰ ਕੌਰ ਨੇ 81 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਦੂਜਾ ਅਤੇ ਸੁਖਜੀਤ ਕੌਰ ਨੇ 77.5 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅਮਨਦੀਪ ਕੌਰ, ਰਮਨਦੀਪ ਕੌਰ, ਜਸਵੀਰ ਕੌਰ ਨੇ ਵੀ ਮੈਰਿਟ ਸੂਚੀ ਵਿਚ ਨਾਮ ਦਰਜ ਕਰਾ ਕੇ ਵਜੀਫ਼ਾ ਪ੍ਰਾਪਤ ਕੀਤਾ। ਕਾਲਜ ਦੀਆਂ 9 ਵਿਦਿਆਰਥਣਾਂ ਨੇ ਚੰਗੀ ਕਾਰਗੁਜ਼ਾਰੀ ਕਾਰਨ ਮੈਡਲ ਵੀ ਪ੍ਰਾਪਤ ਕੀਤੇ।