ਜਸਬੀਰ ਸ਼ੇਤਰਾ
ਜਗਰਾਉਂ, 17 ਜੂਨ
ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜਗਰਾਉਂ ਸਥਿਤ ਜੱਦੀ ਘਰ ਦੀ ਨੁਹਾਰ ਹੁਣ ਬਦਲੇਗੀ, ਜਿਸ ਸਬੰਧੀ ਪੰਜਾਬ ਟੂਰਿਜ਼ਮ ਵਿਭਾਗ ਨੇ ਘਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਅੱਜ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਵਿਭਾਗ ਦੇ ਜੇਈ ਮਨਪ੍ਰੀਤ ਸਿੰਘ ਸਮੇਤ ਘਰ ਵਿੱਚ ਸ਼ੁਰੂ ਹੋਏ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਘਰ ਦੀ ਸਾਂਭ-ਸੰਭਾਲ ਤੇ ਦਿੱਖ ਬਦਲਣ ਲਈ ਜੇਕਰ ਸਰਕਾਰ ਤੋਂ ਹੋਰ ਗਰਾਂਟ ਦੀ ਲੋੜ ਪਈ ਤਾਂ ਉਹ ਲਿਆਕੇ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਇਸ ਇਤਿਹਾਸਕ ਘਰ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲਾਲਾ ਜੀ ਦਾ ਜੱਦੀ ਸ਼ਹਿਰ ਪੱਛੜ ਗਿਆ ਹੈ, ਜਿਸ ਪਾਸੇ ਪਹਿਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਵਿਧਾਇਕ ਮਾਣੂੰਕੇ ਅਨੁਸਾਰ ਉਨ੍ਹਾਂ ਨੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ’ਚ ਲਿਆਂਦਾ ਹੈ, ਜਿਨ੍ਹਾਂ ਨੇ ਲਾਲਾ ਜੀ ਦੇ ਜੱਦੀ ਘਰ ਦੀ ਮੁਰੰਮਤ ਦੀ ਲੋੜ ਮਹਿਸੂਸ ਕਰਦਿਆਂ ਟੂਰਿਜ਼ਮ ਵਿਭਾਗ ਨੂੰ ਕੰਮ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ। ਇਸ ਲਈ ਸਰਕਾਰ ਨੇ ਚਾਰ ਲੱਖ ਰੁਪਏ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਲਾਲਾ ਜੀ ਦੇ ਜੱਦੀ ਘਰ ਦੇ ਬਾਹਰ ਲੱਗੇ ਉਨ੍ਹਾਂ ਦੇ ਆਦਮਕੱਦ ਬੁੱਤ ’ਤੇ ਵੱਡਾ ਸ਼ੈੱਡ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਵਿਧਾਇਕ ਮਾਣੂੰਕੇ ਦਾ ਪੁਰਾਣੇ ਤੰਗ ਮੁਹੱਲੇ ’ਚ ਸਥਿਤ ਇਸ ਘਰ ਵਿੱਚ ਪਹੁੰਚਣ ’ਤੇ ਮੁਹੱਲਾ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਸ਼ੁਰੂ ਕਰਵਾਏ ਕਾਰਜ ਲਈ ਧੰਨਵਾਦ ਕੀਤਾ।