ਸੰਤੋਖ ਗਿੱਲ
ਗੁਰੂਸਰ ਸੁਧਾਰ, 31 ਮਾਰਚ
ਪਟਿਆਲਾ ਪੁਲੀਸ ਵੱਲੋਂ ਸੋਮਵਾਰ ਨੂੰ ਤੜਕਸਾਰ ਚਾਰ ਪਿਸਤੌਲਾਂ ਅਤੇ ਗੋਲੀ-ਸਿੱਕੇ ਸਮੇਤ ਘਰ ਵਿੱਚੋਂ ਕਾਬੂ ਕੀਤੇ ਗਏ ਸੁਧਾਰ ਵਾਸੀ ਤਲਵਿੰਦਰ ਸਿੰਘ ਨਿੱਕੂ ਦੇ ਸਾਥੀਆਂ ਵਿਰੁੱਧ ਵੀ ਪੁਲੀਸ ਨੇ ਹੁਣ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। 11 ਮਾਰਚ ਨੂੰ ਨਿੱਕੂ ਅਤੇ ਉਸ ਦੇ ਸਾਥੀਆਂ ਵੱਲੋਂ ਪੱਤੀ ਧਾਲੀਵਾਲ (ਸੁਧਾਰ) ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਤਲਵਿੰਦਰ ਨਿੱਕੂ ਅਤੇ ਉਸ ਦੇ ਸਾਥੀਆਂ ਦੀ ਉਸਤਤ ਵਿੱਚ ਲਿਖਿਆ ਗੀਤ ਗਾਉਣ ਵਾਲੇ ਬਲਜੀਤ ਸਿੰਘ ਨੇ ਪੁਲੀਸ ਅਧਿਕਾਰੀਆਂ ਅਤੇ ਮੀਡੀਆ ਸਾਹਮਣੇ ਹੱਥ ਜੋੜ ਕੇ ਮੁਆਫ਼ੀ ਮੰਗੀ ਅਤੇ ਭਵਿੱਖ ਵਿਚ ਅਜਿਹੇ ਗੀਤ ਗਾਉਣ ਤੋਂ ਤੌਬਾ ਕੀਤੀ। 11 ਮਾਰਚ ਨੂੰ ਕਰਵਾਏ ਗਏ ਕਬੱਡੀ ਟੂਰਨਾਮੈਂਟ ਮੌਕੇ ਜੇਤੂ ਖਿਡਾਰੀਆਂ ਨੂੰ ਮਹਿੰਗੇ ਟਰੈਕਟਰ ਅਤੇ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ ਸੀ ਅਤੇ ਅੱਧੀ ਰਾਤ ਤੱਕ ਚਲੇ ਟੂਰਨਾਮੈਂਟ ਵਿੱਚ ‘‘ਵੈਲੀਆਂ ਦਾ ਪਿੰਡ ਸਾਰਾ ਬਣਿਆ ਸੁਧਾਰ ਨੀ, ਰੱਖ ਦੇ ਆ ਡੱਬ ਵਿੱਚ ਪਾ ਕੇ ਹਥਿਆਰ ਨੀ, ਅਸਲੇ ਵੀ ਯੂਪੀ ਤੋਂ ਮੰਗਵਾਏ ਹੋਏ ਆ, ਯਾਰ ਸਾਰੇ ਹੀ ਜ਼ਮਾਨਤਾਂ ’ਤੇ ਆਏ ਹੋਏ ਆ’’ ਗੀਤ ਗਾਇਆ ਸੀ। ਇਹ ਸਾਰਾ ਪ੍ਰੋਗਰਾਮ ਇਕ ਯੂ-ਟਿਊਬ ਚੈਨਲ ਉੱਪਰ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ। ਥਾਣਾ ਸੁਧਾਰ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਾਇਕ ਵਿਰੁੱਧ ਜ਼ਾਬਤਾ ਫ਼ੌਜਦਾਰੀ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਜ਼ਮਾਨਤ ’ਤੇ ਛੱਡਿਆ ਗਿਆ ਹੈ, ਪਰ ਭਵਿੱਖ ਵਿੱਚ ਵੀ ਉਸ ਉੱਪਰ ਨਿਗਰਾਨੀ ਰੱਖੀ ਜਾਵੇਗੀ।