ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜਨਵਰੀ
ਹਲਕਾ ਪੂਰਬੀ ਦੇ ਵਿਧਾਇਕ ਸੰਜੈ ਤਲਵਾੜ ਨੇ ਅੱਜ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਨੇ ਬੁੱਕਲੈਟ ਛਪਵਾ ਕੇ ਜਨਤਾ ਨੂੰ ਸਮਰਪਿਤ ਕੀਤੀ, ਜਿਸ ਵਿੱਚ ਵਿਧਾਇਕ ਤਲਵਾੜ ਵੱਲੋਂ ਪੰਜ ਸਾਲਾਂ ਦੌਰਾਨ ਕੀਤੇ ਗਏ ਸਾਰੇ ਹੀ ਕੰਮਾਂ ਦੇ ਵੇਰਵੇ ਹਨ। ਵਿਧਾਇਕ ਤਲਵਾੜ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਪੰਜ ਸਾਲਾਂ ਦੌਰਾਨ ਹਲਕਾ ਪੂਰਬੀ ਵਿੱਚ ਚਾਰ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਹਨ। ਇਨ੍ਹਾਂ ਵਿੱਚੋਂ ਕੁੱਝ ਦੇ ਕੰਮ ਸ਼ੁਰੂ ਹੋ ਗਏ ਹਨ ਕੁੱਝ ’ਤੇ ਕੰਮ ਚੱਲ ਰਿਹਾ ਹੈ। ਜਦਕਿ ਜ਼ਿਆਦਾਤਰ ਕੰਮਾਂ ਦੇ ਫੰਡ ਜਾਰੀ ਹੋ ਚੁੱਕੇ ਹਨ ਤੇ ਜਮੀਨ ਅਲਾਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਵਿਕਾਸ ਕਾਰਜ ਅਜਿਹਾ ਨਹੀਂ, ਜੋਕਿ ਜ਼ਮੀਨ ਪੱਧਰ ’ਤੇ ਸ਼ੁਰੂ ਨਾ ਹੋਇਆ ਹੋਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਹਲਕੇ ਵਿੱਚ 11 ਸਰਕਾਰੀ ਸਮਾਰਟ ਸਕੂਲ ਤਿਆਰ ਕੀਤੇ ਹਨ, ਜਿਨਾਂ ’ਤੇ ਚਾਰ ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਪਹਿਲਾਂ ਸਰਕਾਰੀ ਕਾਲਜ ਤਿਆਰ ਕੀਤਾ ਗਿਆ ਹੈ। ਪ੍ਰਦਰਸ਼ਨੀ ਕੇਂਦਰ ਬਣਾਇਆ ਗਿਆ ਹੈ। 19 ਵਾਰਡਾਂ ਵਿੱਚ 600 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਮੌਕੇ ’ਤੇ ਹਲਕੇ ਦੇ ਵਾਰਡਾਂ ਦੇ ਸਾਰੇ ਕੌਂਸਲਰ ਮੌਜੂਦ ਸਨ।