ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਜੂਨ
ਇਥੋਂ ਦੇ ਨੇੜਲੇ ਪਿੰਡ ਅਲੌੜ ਵਿਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਪਿੰਡ ਦੇ ਲੋਕਾਂ ਵੱਲੋਂ ਡੱਟਵਾਂ ਵਿਰੋਧ ਕੀਤਾ ਗਿਆ। ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਨੇ ਜਰਨੈਲੀ ਸੜਕ ਦੀ ਸਰਵਿਸ ਲਾਈਨ ’ਤੇ ਜਾਮ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਸਰਪੰਚ ਸੁਮੰਦ ਸਿੰਘ, ਅਵਤਾਰ ਸਿੰਘ ਹੈਪੀ ਅਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਕੁਝ ਠੇਕੇਦਾਰਾਂ ਵੱਲੋਂ ਪਿੰਡ ਵਿੱਚ ਠੇਕਾ ਖੋਲ੍ਹਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਨਸ਼ੇ ਖ਼ਤਮ ਕਰਨ ਦੇ ਵਾਅਦੇ ਕਰਦੀ ਹੈ ਤਾਂ ਫਿਰ ਸ਼ਰਾਬ ਦੇ ਠੇਕੇਦਾਰਾਂ ਨੂੰ ਪਿੰਡਾਂ ਵਿਚ ਠੇਕੇ ਖੋਲ੍ਹਣ ਦੀ ਇਜਾਜ਼ਤ ਕਿਵੇਂ ਦੇ ਸਕਦੀ ਹੈ। ਪਹਿਲਾਂ ਹੀ ਨਸ਼ਿਆਂ ਦੀ ਮਾਰ ਹੇਠ ਆ ਕੇ ਸੈਂਕੜੇ ਘਰਾਂ ਦੇ ਚਿਰਾਗ ਬੁੱਝ ਗਏ, ਪਰ ਇਸ ਸਰਕਾਰ ਨੂੰ ਦੇਸ਼ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ।
ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਠੇਕਾ ਬੰਦ ਨਾ ਕਰਵਾਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਪਰ ਪਿੰਡ ਵਿਚ ਕਿਸੇ ਹਾਲਤ ਵਿਚ ਠੇਕਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ, ਜੱਗਾ ਬੈਨੀਪਾਲ, ਜਸਵਿੰਦਰ ਸਿੰਘ, ਰੱਬੀਂ ਸਿੰਘ, ਜਸਪ੍ਰੀਤ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ, ਲਾਭ ਸਿੰਘ, ਗੁਰਜੰਟ ਸਿੰਘ, ਸੁਨੀਤਾ ਰਾਣੀ, ਜਸਵਿੰਦਰ ਕੌਰ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।