ਦੇਵਿੰਦਰ ਸਿੰਘ ਜੱਗੀ
ਪਾਇਲ, 24 ਜੁਲਾਈ
ਨਸ਼ਾ ਤਸਕਰੀ ਰੋਕਣ ਲਈ ਇੱਥੋਂ ਨੇੜਲੇ ਪਿੰਡ ਚਣਕੋਈਆਂ ਖੁਰਦ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਇਕੱਠ ਹੋਇਆ। ਇਸ ਵਿੱਚ ਸਮੂਹ ਨਗਰ ਵਾਸੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ। ਉਨ੍ਹਾਂ ਨੇ ਪਿੰਡ ਵਿੱਚੋਂ ਨਸ਼ੇ ਦੇ ਖ਼ਾਤਮੇ ਲਈ ਸਰਬਸੰਮਤੀ ਨਾਲ ਮਤਾ ਪਾਇਆ। ਇਸ ਮੌਕੇ ਸਰਪੰਚ ਗਿਆਨ ਕੌਰ ਦੇ ਪੁੱਤਰ ਪੰਚਾਇਤ ਮੈਂਬਰ ਦਵਿੰਦਰ ਸਿੰਘ ਬਿੱਟੂ, ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ, ਸਾਬਕਾ ਸਰਪੰਚ ਪ੍ਰਸ਼ੋਤਮ ਸਿੰਘ, ‘ਆਪ’ ਆਗੂ ਸੁਖਦੇਵ ਸਿੰਘ ਮੰਗਾ, ਪੰਚ ਸ਼ਿਮਰੂ ਸਣੇ ਵੱਖ-ਵੱਖ ਆਗੂ ਮੀਟਿੰਗ ਵਿੱਚ ਪੁੱਜੇ।
ਇਸ ਸਮੇਂ ਮੀਟਿੰਗ ਤੋਂ ਬਾਅਦ ਦਵਿੰਦਰ ਸਿੰਘ ਬਿੱਟੂ ਨੇ ਸਮੂਹ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਾਇਆ ਗਿਆ ਮਤਾ ਪੜ੍ਹ ਕੇ ਸੁਣਾਇਆ। ਦਵਿੰਦਰ ਸਿੰਘ ਨੇ ਦੱਸਿਆ ਕਿ ਮਤੇ ਅਨੁਸਾਰ ਪਿੰਡ ਵਿੱਚ ਅੱਜ ਤੋਂ ਬਾਅਦ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇਗੀ। ਜੇ ਕੋਈ ਪਿੰਡ ਦਾ ਵਿਅਕਤੀ ਉਸ ਦਾ ਸਾਥ ਦੇਵੇਗਾ, ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਵਾਈ ਜਾਵੇਗੀ। ਨਸ਼ਾ ਵੇਚਣ ਜਾਂ ਉਸ ਦਾ ਸਾਥ ਦੇਣ ਵਾਲਾ ਦੋਵੇਂ ਹੀ ਸਮਾਜ ਦੇ ਗੁਨਾਹਗਾਰ ਮੰਨੇ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਇੱਕ ਕਮੇਟੀ ਬਣਾਈ ਜਾਵੇਗੀ, ਇਸ ਦੇ ਮੈਂਬਰ ਗੁਪਤ ਰੱਖੇ ਜਾਣਗੇ। ਇਹ ਕਮੇਟੀ ਹਰ ਵਕਤ ਪਿੰਡ ਵਿੱਚ ਨਿਗਰਾਨੀ ਰੱਖੇਗੀ ਕਿ ਕੋਈ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਦਾ ਹੈ ਜਾਂ ਕੋਈ ਵਿਅਕਤੀ ਬਾਹਰੋਂ ਆ ਕੇ ਪਿੰਡ ਵਿੱਚ ਨਸ਼ਾ ਤਸਕਰੀ ਤਾਂ ਨਹੀਂ ਕਰਦਾ। ਇਸ ਨਿਗਰਾਨੀ ਦੌਰਾਨ ਸਮਾਂ ਮਿਲਦਿਆਂ ਹੀ ਤਸਕਰ ਨੂੰ ਦਬੋਚ ਲਿਆ ਜਾਵੇਗਾ ਅਤੇ ਪੁਲੀਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਸਮਾਜ ਦੇ ਦੋਖੀ ਹਨ। ਉਹ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਾਹ ’ਤੇ ਪਾ ਰਹੇ ਹਨ। ਇਸ ਲਈ ਸਮੂਹ ਪਿੰਡ ਇਨ੍ਹਾਂ ਮਾੜੇ ਅਨਸਰਾਂ ਖ਼ਿਲਾਫ਼ ਇਕਜੁੱਟ ਹੋਵੇਗਾ।
ਇਸ ਸਮੇਂ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਅਤੇ ਬਚਿੱਤਰ ਸਿੰਘ ਨੇ ਕਿਹਾ ਕਿ ਜੋ ਵੀ ਪਿੰਡ ਵਿੱਚ ਅਜਿਹੇ ਮਾੜੇ ਕੰਮ ਕਰਦਾ ਹੈ, ਉਸ ਨਾਲ ਸਮਾਜ ਦੀ ਨੌਜਵਾਨ ਪੀੜ੍ਹੀ ਖ਼ਤਮ ਹੋ ਰਹੀ ਹੈ। ਉਹ ਅੱਜ ਤੋਂ ਬਾਅਦ ਆਪ ਹੀ ਤਸਕਰੀ ਬੰਦ ਕਰ ਦੇਣ। ਇਸ ਸਮੇਂ ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਤਸਕਰਾਂ ’ਤੇ ਬਾਜ ਅੱੱਖ ਰੱਖਣ ਲਈ ਸਮੂਹ ਪਿੰਡ ਦੇ ਆਲੇ ਦੁਆਲੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਇਸ ਮੌਕੇ ਪਿੰਦਰ ਸਿੰਘ, ਪਰਗਟ ਸਿੰਘ, ਕਰਮਜੀਤ ਸਿੰਘ ਲਾਡੀ, ਬਚਿੱਤਰ ਸਿੰਘ, ਪਰਮਜੀਤ ਸਿੰਘ, ਕੰਸ਼ ਸਿੰਘ, ਪ੍ਰਕਾਸ਼ ਸਿੰਘ, ਸੁਖਬੀਰ ਸਿੰਘ ਸੁੱਖਾ, ਚਰਨਜੀਤ ਸਿੰਘ ਬਿੱਲੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗ੍ਰਾਮ ਪੰਚਾਇਤ ਮੈਂਬਰ ’ਤੇ ਪਿੰਡ ਵਾਸੀ ਸਨ।