ਜਗਜੀਤ ਕੁਮਾਰ
ਖਮਾਣੋਂ, 27 ਜੁਲਾਈ
ਸ਼ਹਿਰ ਦੇ ਵਾਰਡ ਨੰਬਰ 2 ਦਸਮੇਸ਼ ਨਗਰ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਵਾਰਡ ਦੇ ਵੱਖ-ਵੱਖ ਘਰਾਂ ਦੇ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਤੇ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ। ਵਾਰਡ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਉਨ੍ਹਾਂ ਕਈ ਵਾਰ ਨਗਰ ਪੰਚਾਇਤ ਖਮਾਣੋਂ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਹੱਲ ਕਰਨ ਦੀ ਮੰਗ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਗੰਦੇ ਪਾਣੀ ਕਾਰਨ ਵਾਰਡ ਵਿੱਚ ਬਿਮਾਰੀ ਫ਼ੈਲਣ ਦਾ ਵੀ ਖਦਸ਼ਾ ਬਣ ਗਿਆ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਊਨ੍ਹਾਂ ਨੂੰ ਇਸ ਸਮੱਸਿਆ ਦਾ ਹੱਲ ਖ਼ੁਦ ਪੈਸੇ ਲਾ ਕੇ ਕਰਨਾ ਪੈਂਦਾ ਹੈ ਤਾਂ ਆਊਣ ਵਾਲੀਆਂ ਚੋਣਾਂ ਵਿੱਚ ਵੋਟਾਂ ਦੀ ਊਮੀਦ ਲੈ ਕੇ ਕੋਈ ਵੀ ਊਮੀਦਵਾਰ ਊਨ੍ਹਾਂ ਕੋਲ ਨਾ ਆਵੇ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਇਸ ਮਸਲੇ ਸਬੰਧੀ ਕਾਰਜ ਸਾਧਕ ਅਫ਼ਸਰ ਖਮਾਣੋਂ, ਐਸ.ਡੀ.ਐਮ. ਖਮਾਣੋਂ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਮਿਲ ਚੁੱਕੇ ਹਨ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਦੱਸਣਯੋਗ ਹੈ ਕਿ ਠੇਕੇ ਵਾਲੀ ਗਲੀ ਵੱਲ ਨਗਰ ਪੰਚਾਇਤ ਖਮਾਣੋਂ ਦੀ ਆਪਣੀ ਕੋਈ ਜਗ੍ਹਾ ਨਹੀਂ ਹੈ, ਜਿਸ ਵਿੱਚ ਇਹ ਪਾਣੀ ਪਹੁੰਚਦਾ ਕਰਕੇ ਮੁਹੱਲਾ ਵਾਸੀਆਂ ਨੂੰ ਗੰਦੇ ਪਾਣੀ ਤੋਂ ਨਿਜ਼ਾਤ ਦਿਵਾਈ ਜਾ ਸਕੇ। ਕੁਝ ਸਮਾਂ ਪਹਿਲਾਂ ਨਗਰ ਪੰਚਾਇਤ ਖਮਾਣੋਂ ਵੱਲੋਂ ਗਲੀਆਂ ਵਿੱਚ ਖੂਹੀਆਂ ਵੀ ਪੁੱਟੀਆਂ ਗਈਆਂ ਸਨ ਜਿਨ੍ਹਾਂਂ ਵਿੱਚ ਵੀ ਇਸ ਦਾ ਠੋਸ ਪ੍ਰਬੰਧ ਨਹੀਂ ਹੋਇਆ ਅਤੇ ਓਵਰਫਲੋ ਹੋ ਕੇ ਪਾਣੀ ਗਲੀ ਵਿੱਚ ਖੜ੍ਹਾ ਰਹਿੰਦਾ ਹੈ। ਇਸ ਸਬੰਧੀ ਸੈਨਟਰੀ ਇੰਚਾਰਜ ਨਗਰ ਪੰਚਾਇਤ ਖਮਾਣੋਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਗਲੀ ਵਿੱਚ ਖੜ੍ਹੇ ਗੰਦੇ ਪਾਣੀ ਨੂੰ ਟੈਂਕਰਾਂ ਰਾਹੀਂ ਕਢਵਾ ਦਿੱਤਾ ਗਿਆ ਹੈ ਤੇ ਦੱਸਿਆ ਕਿ ਉਕਤ ਮਾਮਲਾ ਨਗਰ ਪੰਚਾਇਤ ਖਮਾਣੋਂ ਦੇ ਧਿਆਨ ਵਿੱਚ ਹੈ ਤੇ ਨਗਰ ਪੰਚਾਇਤ ਖਮਾਣੋਂ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਦੇ ਪੁਖ਼ਤਾ ਹੱਲ ਲਈ ਯਤਨਸ਼ੀਲ ਹਨ।