ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਨਵੰਬਰ
ਜਗਰਾਉਂ ਸ਼ਹਿਰ ਵਿਚਲੇ ਪਿੰਡ ਮਲਕ ਦੇ ਲੋਕ ਵਾਟਰ ਸਪਲਾਈ ਵਿਭਾਗ ਦੀ ਅਣਗਹਿਲੀ ਅਤੇ ਅਣਦੇਖੀ ਕਾਰਨ ਸੀਵਰੇਜ ਦੇ ਪਾਣੀ ਦੀ ਮਿਲਾਵਟ ਵਾਲਾ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਦੇ ਲੋਕਾਂ ਅਤੇ ਪੰਚਾਇਤ ਸਮੇਤ ਹੋਰ ਸਮਾਜਸੇਵੀ ਜਥੇਬੰਦੀਆਂ ਨੇ ਇਸ ਗੰਧਲੇ ਪਾਣੀ ਦੇ ਸੈਂਪਲ ਭਰ ਕੇ ਕਈ ਵਾਰ ਵਿਭਾਗ ਦੇ ਸਥਾਨਕ ਦਫਤਰ ਅਧਿਕਾਰੀਆਂ ਅਤੇ ਅਮਲੇ ਨੂੰ ਸ਼ਿਕਾਇਤਾਂ ਕੀਤੀਆਂ ਹਨ ਪਰ ਵਿਭਾਗ ਵੱਲੋਂ ਲਗਪਗ ਤਿੰਨ-ਚਾਰ ਮਹੀਨਿਆਂ ਤੋਂ ਲਾਰੇ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ। ਚਮਕੌਰ ਸਿੰਘ ਤੱਤਲਾ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਰਵਿੰਦਰ ਸਿੰਘ ਸਮੇਤ ਹੋਰਾਂ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਬਲਾਕ ਸਮਿਤੀ ਚੇਅਰਮੈਨ ਦੀਦਾਰ ਸਿੰਘ ਅਤੇ ਹੋਰ ਲੋਕਾਂ ਨੂੰ ਨਾਲ ਲੇ ਕੇ ਉਨ੍ਹਾਂ ਕਈ ਵਾਰ ਵਿਭਾਗ ਤਕ ਪਹੁੰਚ ਕੀਤੀ ਹੈ।
ਇਸ ਤੋਂ ਇਲਾਵਾ ਪਿੰਡ ’ਚ ਹਰ ਮਹੀਨੇ ਪਾਣੀ ਦੇ ਬਿੱਲ ਲੈਣ ਲਈ ਆਉਂਦੇ ਮੁਲਾਜ਼ਮਾਂ ਨੂੰ ਵੀ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਇਸ ਸਬੰਧੀ ਹਾਲੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਟੈਂਕੀ ’ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਟੂਟੀਆਂ ’ਚ ਬਿਲਕੁਲ ਕਾਲੇ ਰੰਗ ਦਾ ਪਾਣੀ ਆਉਂਦਾ ਹੈ । ਜਦੋਂ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਪਾਣੀ ਦਾ ਰੰਗ ਥੋੜਾ ਗੰਧਲਾ ਹੋ ਜਾਂਦਾ ਹੈ, ਜਿਸ ਨੂੰ ਉਹ ਲੋਕ ਉਬਾਲ ਕੇ ਵਰਤਦੇ ਹਨ। ਇਸ ਤੋਂ ਇਲਾਵਾ ਮਜਬੂਰੀ ਵੱਸ ਪਸ਼ੂਆਂ ਨੂੰ ਵੀ ਗੰਧਲਾ ਪਾਣੀ ਹੀ ਪਿਆਉਣਾ ਪੈਂਦਾ ਹੈ।
ਸੰਘਰਸ਼ ਵਿੱਢਣ ਦੀ ਚਿਤਾਵਨੀ
ਵਿਭਾਗ ਦੇ ਐਕਸੀਅਨ ਯਾਦਵਿੰਦਰ ਸਿੰਘ ਰਾਏ, ਐੱਸਡੀਓ ਅਜੈ ਭਨੋਟ ਅਤੇ ਜੇਈ ਲੱਖੀ ਜੈਨ ਨੇ ਕੁੱਝ ਦਿਨ ਪਹਿਲਾਂ ਮਸਲੇ ਦੇ ਹੱਲ ਲਈ ਦੋ ਦਿਨ ਦਾ ਸਮਾਂ ਮੰਗਿਆ ਸੀ। ਹੁਣ ਦੋ ਹਫ਼ਤੇ ਤੋ ਵੱਧ ਸਮਾਂ ਲੰਘ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਸਥਿਤੀ ਜਾਨਣ ਲਈ ਜਦੋਂ ਦੁਬਾਰਾ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਪਿੰਡ ਦੇ ਲੋਕਾਂ ਨੇ ਸਰਕਾਰ ਅਤੇ ਵਿਭਾਗ ਖ਼ਿਲਾਫ਼ ਸਘੰਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।