ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਮਈ
ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਅੱਜ ਸ਼ਹੀਦ ਸ਼ਹੀਦ ਸੁਖਦੇਵ ਦਾ ਜਨਮ ਦਿਨ ਸਥਾਨਕ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਮਨਾਇਆ ਗਿਆ। ਇਸ ਮੌਕੇ ਨੌਜਵਾਨਾਂ ਨੇ ਇਕੱਤਰ ਹੋ ਕੇ ਸ਼ਹੀਦ ਸੁਖਦੇਵ ਦੇ ਬੁੱਤ ’ਤੇ ਹਾਰ ਪਾਏ ਅਤੇ ਇਨਕਲਾਬੀ ਨਾਅਰਿਆਂ ਨਾਲ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਸੁਖਦੇਵ ਅਤੇ ਉਨ੍ਹਾਂ ਦਾ ਸੰਗਠਨ ਇੱਕ ਲੋਕ ਪੱਖੀ ਸਮਾਜਕ ਪ੍ਰਬੰਧ ਦੀ ਉਸਾਰੀ ਕਰਨਾ ਚਾਹੁੰਦਾ ਸੀ ਪਰ ਉਨ੍ਹਾਂ ਦਾ ਮਕਸਦ ਪੂਰਾ ਨਹੀਂ ਹੋਇਆ ਹੈ, ਇਸ ਲਈ ਸ਼ਹੀਦ ਸੁਖਦੇਵ ਨੂੰ ਯਾਦ ਕਰਨਾ ਸਿਰਫ ਖਾਨਾਪੂਰਤੀ ਨਾ ਹੋ ਕੇ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਨਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ। ਸ਼ਭਾ ਦੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਨੇ ਕਿਹਾ ਸ਼ਹੀਦ ਸੁਖਦੇਵ ਨੂੰ ਧਰਮ, ਜਾਤ, ਬਿਰਾਦਰੀ, ਖੇਤਰ ਆਦਿ ਨਾਲ ਜੋੜ ਕੇ ਉਨ੍ਹਾਂ ਦੀ ਕੁਰਬਾਨੀ ਦੇ ਮਹੱਤਵ ਨੂੰ ਘਟਾਉਣ ਅਤੇ ਉਨ੍ਹਾਂ ਦੀ ਇਨਕਲਾਬੀ ਸੋਚ ’ਤੇ ਪਰਦਾ ਪਾਉਣ ਦੀਆਂ ਜਾਣੇ-ਅਣਜਾਣੇ ਵਿੱਚ ਕੋਸ਼ਿਸ਼ਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਅਤੇ ਅੱਜ ਵੀ ਹੋ ਰਹੀਆਂ ਹਨ। ਇਸ ਮੌਕੇ ਮਾਸਟਰ ਸੁਰਜੀਤ ਦੁੱਗਰੀ, ਜਗਜੀਤ ਗੁੜ੍ਹੇ, ਤਜਿੰਦਰ ਕੁਮਾਰ,ਪ੍ਰਤਾਪ ਸਿੰਘ, ਰਾਜੀਵ ਕੁਮਾਰ, ਮਾਨ ਸਿੰਘ, ਮਹੇਸ਼ ਕੁਮਾਰ, ਅਰੁਣ ਕੁਮਾਰ ਆਦਿ ਹਾਜ਼ਰ ਸਨ।