ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜਨਵਰੀ
ਥਾਣਾ ਡੇਹਲੋਂ ਦੀ ਪੁਲੀਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਬੀਅਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਸਾਬਰ ਖਾਨ ਨੇ ਦੱਸਿਆ ਹੈ ਕਿ ਜਦੋਂ ਉਹ ਟੌਲ ਪਲਾਜ਼ਾ ਪਿੰਡ ਲਹਿਰਾਂ ਨੇੜੇ ਮੌਜੂਦ ਸੀ ਤਾਂ ਪਤਾ ਲੱਗਾ ਕਿ ਕੁਲਵੰਤ ਸਿੰਘ ਪ੍ਰਬੰਧਕ ਵੀ ਮੈਕਰ ਰੈਸਤਰਾਂ ਸੰਗਰੂਰ ਆਪਣੀ ਮਹਿੰਦਰਾ ਗੱਡੀ ਵਿੱਚ ਨਾਜਾਇਜ਼ ਸ਼ਰਾਬ ਰੱਖ ਕੇ ਆ ਰਿਹਾ ਸੀ। ਪੁਲੀਸ ਨੇ ਤੁਰੰਤ ਜਗੇੜਾ ਨਹਿਰ ਪੁਲ ’ਤੇ ਨਾਕਾਬੰਦੀ ਦੌਰਾਨ ਕੁਲਵੰਤ ਸਿੰਘ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 12 ਬੋਤਲਾਂ ਵੈਟ-69, 24 ਬੋਤਲਾਂ ਓਲਡ ਮੌਂਕ, 24 ਬੋਤਲਾਂ ਮੈਜਿਕ ਮੂਵਮੈਂਟ, 24 ਬੋਤਲਾਂ ਰਾਇਲ ਸਟੈਗ, 24 ਬੋਤਲਾਂ ਹੰਡਰਡ ਪਾਈਪਰ, 48 ਬੋਤਲਾਂ ਬ੍ਰੀਜ਼ਰ ਬੀਅਰ, 24 ਬੋਤਲਾਂ ਕਿੰਗਫਿਸ਼ਰ ਬੀਅਰ ਅਤੇ 48 ਬੋਤਲਾਂ ਕਰੋਨਾ ਐਕਸਟ੍ਰਾ ਬੀਅਰ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਉਹ ਗੋਇਲ ਐਂਡ ਕੰਪਨੀ ਗਰੁੱਪ ਮਾਲੇਰਕੋਟਲਾ ਦਾ ਵੀ ਸੰਚਾਲਕ ਹੈ ਤੇ ਉਹ ਉੱਥੋਂ ਸ਼ਰਾਬ ਲਿਆ ਕੇ ਰੈਸਤਰਾਂ ਵਿੱਚ ਗਾਹਕਾਂ ਨੂੰ ਵੇਚਦਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।