ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਜਨਵਰੀ
ਹਲਵਾਰਾ-ਪੱਖੋਵਾਲ ਸੜਕ ਉੱਪਰ ਗੁਰੂ ਰਾਮਦਾਸ ਕਾਲਜ ਦੇ ਨੇੜੇ ਸਵਿੱਫ਼ਟ ਕਾਰ ਵਿੱਚ ਤੜਕਸਾਰ ਮਿਲੀ ਲਾਸ਼ ਦੀ ਪਛਾਣ ਪਿੰਡ ਕੁਤਬਾ ਬਾਹਮਣੀਆਂ ਜ਼ਿਲ੍ਹਾ ਬਰਨਾਲਾ ਵਾਸੀ ਨੌਜਵਾਨ ਇਕਬਾਲ ਸਿੰਘ (28) ਵਜੋਂ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਚਾਚਾ ਦਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸੁਧਾਰ ਦੀ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਸੂਤਰਾਂ ਅਨੁਸਾਰ ਘਰ ਵਿੱਚ ਲੋਹੜੀ ਦਾ ਸਮਾਗਮ ਸੀ ਪਰ ਇਕਬਾਲ ਸਿੰਘ ਵੀਰਵਾਰ ਸ਼ਾਮ 5 ਵਜੇ ਜਲਦ ਵਾਪਸ ਆਉਣ ਬਾਰੇ ਕਹਿ ਕੇ ਘਰੋਂ ਨਿਕਲਿਆ ਸੀ। ਇਕਬਾਲ ਸਿੰਘ ਰਾਏਕੋਟ ਦੇ ਪ੍ਰਸਿੱਧ ਹਰੀ ਸਿੰਘ ਨਲੂਆ ਚੌਕ ਵਿੱਚ ‘ਜੱਟ-ਹੱਟ’ ਨਾਂ ਦਾ ਰੈਸਤਰਾਂ ਚਲਾਉਂਦਾ ਸੀ। ਇਕਬਾਲ ਸਿੰਘ ਜਦੋਂ ਦੇਰ ਰਾਤ ਤੱਕ ਘਰ ਨਾ ਪਰਤਿਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ, ਫ਼ੋਨ ਦੀ ਘੰਟੀ ਵੱਜਦੀ ਸੀ ਪਰ ਉੱਤਰ ਨਾ ਮਿਲਣ ਕਾਰਨ ਪੁਲੀਸ ਦੀ ਮਦਦ ਨਾਲ ਫ਼ੋਨ ਦੇ ਠਿਕਾਣੇ ਦੀ ਭਾਲ ਕੀਤੀ ਗਈ। ਜਾਂਚ ਅਫ਼ਸਰ ਥਾਣੇਦਾਰ ਗੁਰਚਰਨ ਸਿੰਘ ਅਨੁਸਾਰ ਜਦੋਂ ਪੁਲੀਸ ਨੇ ਗੱਡੀ ਕੋਲ ਪਹੁੰਚੀ ਤਾਂ ਗੱਡੀ ਦੇ ਦਰਵਾਜ਼ੇ ਲਾਕ ਸਨ ਅਤੇ ਸ਼ੀਸ਼ੇ ਤੋੜ ਕੇ ਇਕਬਾਲ ਸਿੰਘ ਦੀ ਲਾਸ਼ ਬਾਹਰ ਕੱਢੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ। ਮ੍ਰਿਤਕ ਦੇ ਸਰੀਰ ਉੱਪਰ ਕੋਈ ਸੱਟ ਦਾ ਨਿਸ਼ਾਨ ਵੀ ਨਹੀਂ ਮਿਲਿਆ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨਸ਼ੇ ਦਾ ਸੇਵਨ ਨਹੀਂ ਕਰਦਾ ਸੀ ਪਰ ਕਰੀਬ ਦੋ ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ।