ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 22 ਸਤੰਬਰ
ਮਾਰਕੀਟ ਕਮੇਟੀ ਮੰਡੀ ਮੁੱਲਾਂਪੁਰ ਦੇ ਸਕੱਤਰ ਕੁਲਪ੍ਰੀਤ ਸਿੰਘ ਨੂੰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦਾ ਵਫ਼ਦ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਹੇਠ ਮਿਲਿਆ ਅਤੇ ਕਣਕ ਦੀ ਫ਼ਸਲ ਦੀ ਖ਼ਰੀਦ ਸਮੇਂ ਤੋੜ ਦਿੱਤੀ ਗਈ ਤਲਵੰਡੀ ਕਲਾਂ ਦੀ ਪੁਰਾਣੀ ਅਨਾਜ ਮੰਡੀ ਨੂੰ ਬਹਾਲ ਕਰਨ ਦੀ ਮੰਗ ਕੀਤੀ। ਸਕੱਤਰ ਮਾਰਕੀਟ ਕਮੇਟੀ ਨੇ ਵਫ਼ਦ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੀ ਖ਼ਰੀਦ ਲਈ ਜਾਰੀ ਮੰਡੀਆਂ ਦੀ ਸੂਚੀ ਵਿੱਚ ਤਲਵੰਡੀ ਕਲਾਂ ਦੀ ਮੰਡੀ ਵੀ ਸ਼ਾਮਲ ਕਰ ਦਿੱਤੀ ਗਈ ਹੈ। ਕਿਸਾਨ-ਮਜ਼ਦੂਰ ਆਗੂਆਂ ਨੇ ਦਾਅਵਾ ਕੀਤਾ ਕਿ ਲੰਬੀ ਜੱਦੋ-ਜਹਿਦ ਬਾਅਦ ਜਥੇਬੰਦੀ ਦੇ ਸੰਘਰਸ਼ ਨੂੰ ਬੂਰ ਪਿਆ ਹੈ। ਉਨ੍ਹਾਂ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।