ਡੀਪੀਐੱਸ ਬੱਤਰਾ
ਸਮਰਾਲਾ, 19 ਅਕਤੂਬਰ
ਇੱਥੇ ਬਾਈਪਾਸ ਨੇੜੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਨੇ ਹਾਈਵੇਅ ’ਤੇ ਸਾਈਕਲਿੰਗ ਕਰ ਰਹੇ ਇੱਕ ਸੇਵਾਮੁਕਤ ਬੈਂਕ ਅਧਿਕਾਰੀ ਅਤੇ ਪੰਚਾਇਤ ਅਫ਼ਸਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਸੇਵਾਮੁਕਤ ਬੈਂਕ ਕਰਮੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਪੰਚਾਇਤ ਅਫ਼ਸਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦੇ ਆਦਰਸ਼ ਨਗਰ ਵਿੱਚ ਰਹਿਣ ਵਾਲਾ ਸੇਵਾਮੁਕਤ ਬੈਂਕ ਅਧਿਕਾਰੀ ਮਨਜੀਤ ਸਿੰਘ (60) ਅਤੇ ਉਸ ਦਾ ਗੁਆਂਢੀ ਪੰਚਾਇਤ ਅਫ਼ਸਰ ਹਰਜੀਤ ਸਿੰਘ ਰੋਜ਼ਾਨਾ ਵਾਂਗ ਸਾਈਕਲਿੰਗ ਕਰਨ ਮਗਰੋਂ ਸਵੇਰੇ ਕਰੀਬ ਸਾਢੇ ਸੱਤ ਵਜੇ ਘਰ ਪਰਤ ਰਹੇ ਸਨ। ਅਚਾਨਕ ਪਿੰਡ ਚਹਿਲਾ ਬਾਈਪਾਸ ਕੋਲ ਲੁਧਿਆਣਾ ਵਾਲੇ ਪਾਸਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਤੇ ਦੂਰ ਤੱਕ ਘੜੀਸ ਕੇ ਲੈ ਗਈ। ਹਾਦਸੇ ਵਿੱਚ ਮਨਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਹੈ। ਸਥਾਨਕ ਬਲਾਕ ਪੰਚਾਇਤ ਦਫ਼ਤਰ ਵਿੱਚ ਨਿਯੁਕਤ ਪੰਚਾਇਤ ਅਫ਼ਸਰ ਹਰਜੀਤ ਸਿੰਘ ਇਸ ਵੇਲੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਫਾਰਚੂਨਰ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਚਾਲਕ ’ਤੇ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।