ਸਤਵਿੰਦਰ ਬਸਰਾ
ਲੁਧਿਆਣਾ, 14 ਜੁਲਾਈ
ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫ਼ਾਰਸ਼ਾਂ ਖ਼ਿਲਾਫ਼ ਮੁਲਜ਼ਮ ਜਥੇਬੰਦੀਆਂ ਵੱਲੋਂ ਲਗਾਤਾਰ ਰਾਜ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਆਪਣੀ ਤਿੰਨ ਰੋਜ਼ਾ ਹੜਤਾਲ ਦੇ ਆਖਰੀ ਦਿਨ ਵੀ ਐਮਰਜੈਂਸੀ, ਮੈਡੀਕਲ/ਵੈਟਰੋ ਲੀਗਲ ਅਤੇ ਕੋਵਿਡ ਡਿਊਟੀ ਤੋਂ ਸਿਵਾਏ ਹਰ ਤਰ੍ਹਾਂ ਦੀ ਓਪੀਡੀ ਅਤੇ ਬਾਕੀ ਸਾਰੇ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ। ਇਹ ਡਾਕਟਰ ਐਨਪੀਏ ਮਸਲੇ ‘ਤੇ ਸਰਕਾਰ ਦੀ ਟਾਲ-ਮਟੋਲ ਭਰੀ ਨੀਤੀ ਤੋਂ ਖਫ਼ਾ ਹਨ। ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਇਕੱਠੇ ਹੋਏ ਵੈਟਰਨਰੀ ਅਫਸਰਾਂ ਨੇ ਅੱਜ ਵੈਟਰਨਰੀ ਪੌਲੀਕਲੀਨਿਕ ਗਿੱਲ ਵਿੱਚ ਰੈਲੀ ਕਰਨ ਉਪਰੰਤ ਜੀਐਨਈ ਕਾਲਜ ਤੱਕ ਰੋਸ ਮਾਰਚ ਕੀਤਾ, ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ, ਸੀਨੀਅਰ ਵੈਟਰਨਰੀ ਅਫਸਰ ਅਤੇ ਹੋਰ ਬਹੁਤ ਸਾਰੇ ਸਾਬਕਾ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਡਾਇਰੈਕਟਰਜ਼ ਡਾ. ਵੀ.ਕੇ ਜਿੰਦਲ, ਡਾ. ਚਰਨਜੀਤ ਸਿੰਘ ਪੰਧੇਰ ਤੇ ਡਾ. ਮਲਕੀਤ ਸਿੰਘ ਦਿਓਲ ਸਣੇ ਹੋਰਨਾਂ ਨੇ ਸਰਕਾਰ ਦੀ ਵਾਅਦਾਖਿਲਾਫੀ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਦੀ ਡਾਕਟਰ ਦੋਖੀ ਨੀਤੀ ਇਵੇਂ ਜਾਰੀ ਰਹੀ ਤਾਂ ਪੰਜਾਬ ਦੇ ਸਮੁੱਚੇ ਮੈਡੀਕਲ ਅਤੇ ਵੈਟਰਨਰੀ ਡਾਕਟਰ ਅਣਮਿਥੇ ਸਮੇਂ ਦੀ ਹੜਤਾਲ ਕਰਕੇ ਸੜਕਾਂ ‘ਤੇ ਨਿਕਲਣ ਲਈ ਮਜਬੂਰ ਹੋਣਗੇ। ਚੇਤੇ ਰਹੇ ਕਿ ਮੈਡੀਕਲ ਅਤੇ ਵੈਟਰਨਰੀ ਡਾਕਟਰ ਐਨ ਪੀ ਏ ਵਿੱਚ ਕਟੌਤੀ ਨੂ਼ੰ ਲੈ ਕੇ ਪਿਛਲੀ 25 ਜੂਨ ਤੋਂ ਲਗਾਤਾਰ ਸਘੰਰਸ਼ ਕਰ ਰਹੇ ਹਨ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਇਥੇ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ-ਮੈਡੀਕਲ ਮੁਲਾਜ਼ਮਾਂ ਵੱਲੋਂ ਸਰਕਾਰੀ ਹਸਪਤਾਲ ਸੁਧਾਰ ਵਿੱਚ ਅੱਜ ਤੀਜੇ ਦਿਨ ਵੀ ਹੜਤਾਲ ਕਰ ਕੇ ਸਮੁੱਚਾ ਕੰਮਕਾਜ ਠੱਪ ਕੀਤਾ ਗਿਆ, ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਮਿਊਨਿਟੀ ਸਿਹਤ ਕੇਂਦਰ ਸੁਧਾਰ ਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਮੁਲਾਜ਼ਮਾਂ ਵੱਲੋਂ ਓਪੀਡੀ ਸੇਵਾਵਾਂ ਦਾ ਬਾਈਕਾਟ ਰੋਸ ਜ਼ਾਹਿਰ ਕੀਤਾ ਗਿਆ। ਡਾਕਟਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਵੱਲ ਹਾਲੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਹੋਰ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਪ੍ਰੀਤ ਸਿੰਘ, ਮੈਡੀਕਲ ਅਫ਼ਸਰ ਡਾਕਟਰ ਵਰਿੰਦਰ ਜੋਸ਼ੀ, ਡਾਕਟਰ ਗੌਰਵ ਚੋਪੜਾ, ਡਾਕਟਰ ਵਿਸ਼ਾਲ ਕੁਮਾਰ, ਡਾਕਟਰ ਜਗਤਦੀਪ ਕੌਰ ਸਮੇਤ ਸਮੁੱਚੇ ਡਾਕਟਰੀ ਅਤੇ ਪੈਰਾ-ਮੈਡੀਕਲ ਅਮਲੇ ਨੇ ਰੋਸ ਪ੍ਰਦਰਸ਼ਨਾਂ ਵਿਚ ਭਾਗ ਲਿਆ।