ਪੱਤਰ ਪ੍ਰੇਰਕ
ਦੋਰਾਹਾ, 5 ਜੁਲਾਈ
ਸਥਾਨਕ ਡਵੀਜ਼ਨ ਦਫ਼ਤਰ ਅੱਗੇ ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕੌਮ/ ਟਰਾਂਸਕੋ ਦੀ ਸੂਬਾ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦੀ ਪੂਰਤੀ ਲਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠਾਂ ਧਰਨਾ ਦਿੰਦਿਆਂ ਪਾਵਰਕੌਮ ਮੈਨਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਕ੍ਰਿਸ਼ਨ ਕੁਮਾਰ ਅਤੇ ਹਰਬੰਸ ਸਿੰਘ ਦੋਬੁਰਜੀ ਨੇ ਮੰਗ ਕੀਤੀ ਕਿ ਬਿਜਲੀ ਯੂਨਿਟਾਂ ਦੀ ਰਿਆਇਤ ਦੇਣਾ, ਕੈਸ਼ਲੈੱਸ਼ ਸਕੀਮ ਮੁੜ ਚਾਲੂ ਕਰਨਾ, ਨਿੱਜੀਕਰਨ ਠੇਕੇਦਾਰੀ ਪ੍ਰਬੰਧ ਬੰਦ ਕਰਨਾ, ਬਿਨਾਂ ਸ਼ਰਤ ਪੱਕੀ ਭਰਤੀ, ਮਹਿਕਮੇ ਵਿਚ ਖਾਲੀ ਅਸਾਮੀਆਂ ਪੁਰ ਕਰਨ ਲਈ 10-15 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕਾਮਿਆਂ ਨੂੰ ਪਹਿਲ ਦੇ ਆਧਾਰ ’ਤੇ ਰੈਗੂਲਰ ਕਰਨਾ, ਕਰਮਚਾਰੀਆਂ ਨੂੰ 23 ਸਾਲਾ ਪ੍ਰਮੋਸ਼ਨਲ ਇੰਕਰੀਮੈਂਟ, ਪੰਜਾਬ ਸਰਕਾਰ ਦੀ ਤਰ੍ਹਾਂ ਸਾਰੇ ਕਰਮਚਾਰੀਆਂ ਨੂੰ ਦਸੰਬਰ 2011 ਤੋਂ ਪੇਅ-ਬੈਂਡ ਦੇਣਾ, ਸੇਵਾਮੁਕਤ ਕਰਮਚਾਰੀਆਂ ਨੂੰ 2.59 ਪ੍ਰਤੀਸ਼ਤ ਨਾਲ ਪੈਨਸ਼ਨ ਸੋਧ ਕਰਕੇ ਬਣਦਾ ਬਕਾਇਆ ਦੇਣਾ ਅਤੇ ਲੰਬੇ ਸਮੇਂ ਤੋਂ ਲਟਕਦੇ ਮੈਡੀਕਲ ਬਿੱਲਾਂ ਨੂੰ ਸੀਐਮਓ ਅਤੇ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵੱਲੋਂ ਪਾਸ ਕੀਤਾ ਜਾਵੇ। ਉਨ੍ਹਾਂ ਮੁਲਾਜ਼ਮਾਂ ਨੂੰ ਪਟਿਆਲਾ ਹੈੱਡ ਆਫ਼ਿਸ ਅਤੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।