ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 17 ਦਸੰਬਰ
ਸਾਂਝਾ ਪੈਨਸ਼ਨਰਜ਼ ਫਰੰਟ (ਇਕਾਈ) ਜਗਰਾਉਂ ਵੱਲੋਂ ਸੂਬਾ ਸਰਕਾਰ ਦੀਆਂ ਕੋਝੀਆਂ ਨੀਤੀਆਂ ਅਤੇ ਚਾਲਾਂ ਖ਼ਿਲਾਫ਼ ਕਨਵੈਨਸ਼ਨ ਅਤੇ ਮੁਾਜ਼ਹਰਾ ਕੀਤਾ ਗਿਆ। ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ’ਚ ਸੇਵਾਮੁਕਤ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਪੈਨਸ਼ਨਰਾਂ ਦੇ ਹੱਕਾਂ ਸਬੰਧੀ ਫੈਸਲਿਆਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ ਤਾਂ ਕਿ ਸਰਕਾਰ ਦੇ ਪੱਕੇ ਕਾਮਿਆਂ ਨੂੰ ਇਨ੍ਹਾਂ ਨਾਲੋਂ ਤੋੜਿਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨ ਅਤੇ ਬਣਦੇ ਬਕਾਇਆਂ ਦਾ ਭੁਗਤਾਨ ਇੱਕ ਕਿਸ਼ਤ ਅਤੇ ਸਰਲ ਵਿਧੀ ਅਪਣਾ ਕੇ ਜਲਦੀ ਕੀਤਾ ਜਾਵੇ। ਪਿਛਲੇ ਸਮੇਂ ਦੌਰਾਨ ਅਦਾਲਤਾਂ ਵੱਲੋਂ ਕੀਤੇ ਫ਼ੈਸਲਿਆਂ ਨੂੰ ਹੂ-ਬ-ਹੂ ਲਾਗੂ ਕੀਤਾ ਜਾਵੇ। ਮਲਕੀਤ ਸਿੰਘ, ਜੋਗਿੰਦਰ ਅਜ਼ਾਦ, ਗੁਰਮੀਤ ਸਿੰਘ, ਜਗਦੀਸ਼ ਮਹਿਤਾ, ਅਸ਼ੋਕ ਭੰਡਾਰੀ ਅਤੇ ਅਵਤਾਰ ਸਿੰਘ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੀ ਫੇਰੀ ਸਮੇਂ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦੇ ਅਧਿਆਪਕਾਂ ’ਤੇ ਲਾਠੀਆਂ ਵਰਾਉਣ ਵਾਲੇ ਡੀ.ਐੱਸ.ਪੀ ਅਤੇ ਹੋਰਾਂ ਨੂੰ ਬਿਨਾਂ ਦੇਰੀ ਅਤੇ ਬਹਾਨੇ ਦੇ ਮੁਅੱਤਲ ਕਰਨ ਦੀ ਮੰਗ ਕੀਤੀ ਅਤੇ ਪੇਂਡੂ ਭੱਤਾ ਬੰਦ ਕਰਨ ਲਈ ਜਾਰੀ ਕੀਤਾ ਪੱਤਰ ਵਾਪਸ ਲੈਣ ਦੀ ਵੀ ਮੰਗ ਕੀਤੀ।