ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਸਤੰਬਰ
ਪਨਬਸ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਖਤਮ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬੱਸ ਸਟੈਂਡ ’ਤੇ ਪੀਆਰਟੀਸੀ ਤੇ ਪਨਬਸ ਦੀਆਂ ਬੱਸਾਂ ਚਾਲੂ ਹੋਈਆਂ। ਬੱਸ ਸਟੈਂਡ ਲੁਧਿਆਣਾ ’ਤੇ ਪਿਛਲੇ 9 ਦਿਨਾਂ ਤੋਂ ਪਨਬਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸਾਂ ਦੇ ਚੱਕੇ ਜਾਮ ਪਏ ਸਨ, ਬੱਸਾਂ ਬੱਸ ਸਟੈਂਡ ਦੇ ਅੰਦਰ ਹੀ ਖੜ੍ਹੀਆਂ ਸਨ ਪਰ ਬੀਤੇ ਦਿਨੀਂ ਜਦੋਂ ਸਰਕਾਰ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਤਾਂ ਮੁਲਾਜ਼ਮਾਂ ਨੇ 28 ਸਤੰਬਰ ਤੱਕ ਹੜਤਾਲ ਮੁਲਤਵੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਸਵੇਰ ਤੋਂ ਹੀ ਸਰਕਾਰੀ ਬੱਸਾਂ ਬੱਸ ਸਟੈਂਡ ’ਤੇ ਚੱਲਣੀਆਂ ਸ਼ੁਰੂ ਹੋ ਗਈਆਂ ਸਨ। ਯੂਨੀਅਨ ਆਗੂ ਸਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਨਖਾਹਾਂ ਵਧਾਉਣ ਸਣੇ ਕਈ ਮੰਗਾਂ ਸਰਕਾਰ ਨੇ ਮੰਨ ਲਈਆਂ ਹਨ, ਇਸ ਕਰਕੇ ਉਨ੍ਹਾਂ ਨੇ ਹੜਤਾਲ 28 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਅੱਜ ਬੱਸ ਸਟੈਂਡ ’ਤੇ ਸਾਰੀਆਂ ਹੀ ਸਰਕਾਰੀ ਬੱਸਾਂ ਦੌੜਣੀਆਂ ਸ਼ੁਰੂ ਹੋ ਗਈਆਂ ਹਨ।
ਔਰਤਾਂ ਤੇ ਪਾਸ ਵਾਲਿਆਂ ਨੇ ਲਿਆ ਸੁੱਖ ਦਾ ਸਾਹ਼
ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਤੇ ਹੋਰ ਪਾਸ ਹੌਲਡਰਾਂ ਨੇ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਖਤਮ ਹੋਣ ’ਤੇ ਸੁੱਖ ਦਾ ਸਾਹ ਲਿਆ ਕਿਉਂਕਿ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਇਨ੍ਹਾਂ ਸਾਰੇ ਹੀ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਪੈਸੇ ਖ਼ਰਚ ਕਰਕੇ ਆਪਣੀ ਮੰਜ਼ਿਲ ਤੱਕ ਪੁੱਜਣਾ ਪੈਂਦਾ ਸੀ, ਅੱਜ ਤੋਂ ਦੁਬਾਰਾ ਫਿਰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਸ਼ੁਰੂ ਹੋ ਗਿਆ ਹੈ।