ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 6 ਜੂਨ
ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਸੰਘਰਸ਼ ਕਾਰਨ ਬੀਤੇ ਕਈ ਦਿਨਾਂ ਤੋਂ ਆਪਣੇ ਰੈਵੇਨਿਊ ਸਬੰਧੀ ਕੰਮਾਂ ਨੂੰ ਅੱਗੇ ਪਾਉਂਦੇ ਆ ਰਹੇ ਲੋਕਾਂ ਨੂੰ ਉਸ ਵੇਲੇ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਰਜਿਸਟਰੀਆਂ ਆਦਿ ਲਈ ਆਨਲਾਈਨ ਅਪਲਾਈ ਕਰਨ ਵਾਲੇ ਸਹਾਇਕਾਂ ਨੇ ਦੱਸਿਆ ਕਿ ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਦਿੱਤੀ ਕਾਲ ਕਾਰਨ ਇਨ੍ਹਾਂ ਅਧਿਕਾਰੀਆਂ ਨੇ ਹੁਣ ਅੱਠ ਜੂਨ ਤੱਕ ਸਮੂਹਕ ਛੁੱਟੀ ਲੈ ਲਈ ਹੈ।
ਸਿਰਫ਼ ਅੱਜ ਦੇ ਦਿਨ ਲਈ ਸਾਕਾ ਨੀਲਾ ਤਾਰਾ ਬਰਸੀ ਕਰ ਕੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵੱਲੋਂ ਛੁੱਟੀ ਕੀਤੀ ਜਾਣੀ ਸੀ। ਇਸ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਸਰਕਾਰ ਨੂੰ ਲਿਖਤੀ ਤੌਰ ’ਤੇ ਬੇਨਤੀ ਕੀਤੀ ਗਈ ਸੀ ਕਿ ਰਜਿਟਰੀ ਲਈ ਐਨਓਸੀ ਦੀ ਲੋੜ ਸਬੰਧੀ ਹਦਾਇਤਾਂ ਨੂੰ ਸਪੱਸ਼ਟ ਕੀਤਾ ਜਾਵੇ। ਇਸ ਸਬੰਧੀ ਜਦੋਂ ਤੱਕ ਸਪੱਸ਼ਟ ਅਤੇ ਵਿਸਤਾਰ ਵਾਲੀਆਂ ਹਦਾਇਤਾਂ ਨਹੀਂ ਜਾਰੀ ਹੁੰਦੀਆਂ, ਉਦੋਂ ਤੱਕ ਕਿਸੇ ਹੋਰ ਮਹਿਕਮੇ ਦੇ ਅਧਿਕਾਰੀਆਂ ਤੋਂ ਰਜਿਸਟਰੀ ਦਾ ਕੰਮ ਕਰਵਾ ਲਿਆ ਜਾਵੇ।
ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਅਤੇ ਮਨਮੋਹਨ ਕੌਸ਼ਿਕ ਨੇ ਦੱਸਿਆ ਕਿ ਸਰਕਾਰ ਦੀ ਬੇਰੁਖ਼ੀ ਨੂੰ ਦੇਖਦਿਆਂ ਯੂਨੀਅਨ ਨੇ ਆਪਣਾ ਐਕਸ਼ਨ ਅੱਠ ਜੂਨ ਤੱਕ ਅੱਗੇ ਵਧਾਇਆ ਹੈ।