ਗਗਨਦੀਪ ਅਰੋੜਾ
ਲੁਧਿਆਣਾ, 2 ਸਤੰਬਰ
ਤਰਨ ਤਾਰਨ ਦੀ ਇਕ ਗਿਰਜਾਘਰ ’ਚ ਦੋ ਦਿਨ ਪਹਿਲਾਂ ਵਾਪਰੀ ਘਟਨਾ ਤੋਂ ਬਾਅਦ ਨਵ-ਨਿਯੁਕਤ ਏਡੀਜੀਪੀ ਲਾਅ ਐਂਡ ਆਰਡਰ ਪਰਵੀਨ ਸਿਨਹਾ ਵੱਲੋਂ ਅੱਜ ਸਨਅਤੀ ਸ਼ਹਿਰ ਦੇ ਕਈ ਧਾਰਮਿਕ ਸਥਾਨਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਫਲੈਗ ਮਾਰਚ ਵੀ ਕੱਢਿਆ ਤਾਂ ਕਿ ਲੋਕਾਂ ’ਚ ਇਹ ਸੁਨੇਹਾ ਜਾਵੇ ਕਿ ਪੁਲੀਸ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ।
ਅੱਜ ਏਡੀਜੀਪੀ ਪਹਿਲਾਂ ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨਾਲ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਪੁੱਜੇ। ਇਸ ਤੋਂ ਬਾਅਦ ਉਹ ਈਸਾ ਨਗਰੀ ਚਰਚ, ਸਰਾਭਾ ਨਗਰ ਚਰਚ, ਦੁਰਗਾ ਮਾਤਾ ਮੰਦਰ, ਸਲੇਮ ਟਾਬਰੀ ਚਰਚ ਤੋਂ ਇਲਾਵਾ ਹੋਰ ਧਾਰਮਿਕ ਸਥਾਨਾਂ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਜਾਮਾ ਮਸਜਿਦ ਜਾ ਕੇ ਸੁਰੱਖਿਆ ਪ੍ਰਬੰਧ ਜਾਂਚੇ ਤੇ ਸ਼ਾਹੀ ਇਮਾਮ ਨਾਲ ਮੁਲਾਕਾਤ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਨੇ ਕਿਹਾ ਕਿ ਸਾਰੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਆਪਣੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਰੋਜ਼ਾਨਾ ਜਾਂਚ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਪ੍ਰਬੰਧਕਾਂ ਨੇ ਕੁਝ ਸੁਝਾਅ ਵੀ ਦਿੱਤੇ, ਜੋ ਜਲਦੀ ਹੀ ਅਮਲ ਵਿੱਚ ਲਿਆਂਦੇ ਜਾਣਗੇ। ਏਡੀਜੀਪੀ ਨੇ ਭਰੋਸਾ ਦਿੱਤਾ ਕਿ ਪੁਲੀਸ ਹਰ ਵੇਲੇ ਪੰਜਾਬ ਦੇ ਲੋਕਾਂ ਨਾਲ ਹੈ।
ਲੋਕਾਂ ਦੀ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ: ਆਈਜੀ ਪਰਮਾਰ
ਰਾਏਕੋਟ (ਸੰਤੋਖ ਗਿੱਲ): ਤਰਨ ਤਾਰਨ ਦੇ ਗਿਰਜਾਘਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਪੁੱਜੇ ਆਈਜੀ ਐੱਸਪੀਐੱਸ ਪਰਮਾਰ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਇਸ ਦੌਰਾਨ ਆਈਜੀ ਪਰਮਾਰ ਨੇ ਰਾਏਕੋਟ ਸਬ-ਡਵੀਜ਼ਨ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਪਿੰਡ ਬੱਸੀਆਂ ਦੀ ਮਸਜਿਦ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਸਮੇਤ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ। ਥਾਣਾ ਸਿਟੀ ਰਾਏਕੋਟ ਦੇ ਮੁਖੀ ਹੀਰਾ ਸਿੰਘ ਵੀ ਆਪਣੀ ਟੀਮ ਸਮੇਤ ਮੌਕੇ ’ਤੇ ਮੌਜੂਦ ਰਹੇ।
ਏਡੀਜੀਪੀ ਅਮਰਦੀਪ ਸਿੰਘ ਰਾਏ ਪ੍ਰਾਚੀਨ ਸ਼ਿਵ ਮੰਦਰ ਨਤਮਸਤਕ
ਪਾਇਲ (ਦੇਵਿੰਦਰ ਸਿੰਘ ਜੱਗੀ): ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਵੱਲੋਂ ਅੱਜ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸੇ ਤਹਿਤ ਪ੍ਰਾਚੀਨ ਮਹਾਦੇਵ ਮੰਦਰ ਪਾਇਲ ਪਹੁੰਚੇ ਏਡੀਜੀ ਰਾਏ ਨੇ ਮੰਦਰ ’ਚ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਸੁਰੱਖਿਆਂ ਪ੍ਰਬੰਧਾਂ ਦੀ ਜਾਂਚ ਕਰਕੇ ਕਮੀਆਂ ਦੂਰ ਕਰਨ ਲਈ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਡਰ ਤੋਂ ਮੁਕਤ ਕਰਨ, ਧਾਰਮਿਕ ਅਸਥਾਨਾਂ ’ਤੇ ਕਿਸੇ ਵੀ ਮਾੜੇ ਸ਼ਰਾਰਤੀ ਅਨਸਰ ਨੂੰ ਰੋਕਣ ਲਈ ਪੰਜਾਬ ਪੁਲੀਸ ਪੂਰੀ ਮੁਸਤੈਦੀ ਵਰਤ ਰਹੀ ਹੈ। ਇਸ ਮੌਕੇ ਸ਼ਿਵ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।
ਸਮਰਾਲਾ (ਡੀਪੀਐੱਸ ਬੱਤਰਾ): ਇਸੇ ਤਰ੍ਹਾਂ ਸਮਰਾਲਾ ਵਿੱਚ ਵੀ ਏਡੀਜੀਪੀ ਅਮਰਦੀਪ ਸਿੰਘ ਰਾਏ ਵੱਲੋਂ ਧਾਰਮਿਕ ਅਸਥਾਨਾਂ ਦਾ ਦੌਰਾ ਕੀਤਾ ਗਿਆ। ਇਸ ਤਹਿਤ ਏਡੀਜੀਪੀ ਰਾਏ ਅਤੇ ਐੱਸਐੱਸਪੀ ਖੰਨਾ ਸਮੇਤ ਕਈ ਪੁਲੀਸ ਅਧਿਕਾਰੀਆਂ ਦੀ ਟੀਮ ਅੱਜ ਅਚਾਨਕ ਸਮਰਾਲਾ ਪਹੁੰਚੀ ਅਤੇ ਕਈ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲੀਸ ਭਵਿੱਖ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦੇਵੇਗੀ ਅਤੇ ਮਾਹੌਲ ਵਿਗਾੜਨ ’ਚ ਲੱਗੇ ਮੌਕਾਪ੍ਰਸਤ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।