ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜਨਵਰੀ
ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ ਨਾਲ ਜੋੜਨ ਵਾਲੀ ਸਿੱਧਵਾਂ ਨਹਿਰ ਦੇ ਪੁਲ ਚੌੜਾ ਕਰਨ ਦਾ ਕੰਮ ਫਰਵਰੀ ਮਹੀਨੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ। 50 ਫੀਸਦੀ ਤੋਂ ਵੱਧ ਕੰਮ ਇਸ ਪੁੱਲ ਦਾ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿੱਲਰਾਂ ਨੂੰ ਖੜਾ ਕਰਨ ਦਾ ਮੁੱਖ ਕੰਮ ਵੀ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਭਾਰਤ ਭੂਸ਼ਣ ਆਸ਼ੂ ਨੇ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਨਿਗਮ ਕੌਂਸਲਰ ਮਮਤਾ ਆਸ਼ੂ ਅਤੇ ਹੋਰਾਂ ਦੇ ਨਾਲ ਨਿਰਮਾਣ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ (ਐੱਮ.ਸੀ. ਜ਼ੋਨ ਡੀ ਦਫਤਰ ਨੇੜੇ) ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਨੂੰ ਚੌੜਾ ਕਰਨ ਦਾ ਕੰਮ 1.40 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਇਹ ਪ੍ਰੋਜੈਕਟ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਪੰਜਾਬ ਸਿੰਜਾਈ ਵਿਭਾਗ ਵੱਲੋਂ ਬਣਾਇਆ ਜਾ ਰਿਹਾ ਹੈ। ਮੰਤਰੀ ਆਸ਼ੂ ਨੇ ਦੱਸਿਆ ਕਿ ਸਿੱਧਵਾਂ ਨਹਿਰ ਦਾ ਮੌਜੂਦਾ ਪੁਲ ਜੋਕਿ 4 ਮੀਟਰ ਹੈ ਨੂੰ 9 ਮੀਟਰ ਚੌੜਾ ਕੀਤਾ ਜਾ ਰਿਹਾ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਇਸਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਾਸੇ ਵੱਲ ਆਉਂਦੇ ਸਮੇਂ ਬਦਲਵੇਂ ਰਸਤੇ ਅਪਣਾਉਣ ਕਿਉਂਕਿ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਟ੍ਰੈਫਿਕ ਨੂੰ ਨਾਲ ਦੇ ਪੁਲ ਤੋਂ ਮੋੜਿਆ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲ ਨੂੰ ਚੌੜਾ ਕਰਨ ਦਾ ਕੰਮ ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।