ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 19 ਅਕਤੂਬਰ
ਸੀਟੂ ਦੇ ਸੂਬਾਈ ਇਜਲਾਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਹੋਈ ਸਵਾਗਤੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰੋੜੀ ਅਤੇ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਭੁੱਖਮਰੀ ਅਤੇ ਕੰਗਾਲੀ ਵਿਚ ਮੋਹਰੀ ਬਣਿਆ ਹੈ, ਕੇਂਦਰ ਅਤੇ ਰਾਜ ਸਰਕਾਰਾਂ ਕਰਜ਼ਾਈ ਹੋ ਗਈਆਂ ਹਨ। ਉਨ੍ਹਾਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਉੱਪਰ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਗੁਜਰਾਤ ਵਿਚ ਮੁੜ ਸੱਤਾ ਹਾਸਲ ਕਰਨ ਲਈ ਰਿਉੜੀਆਂ ਵੰਡਣ ਲਈ ਮੋਦੀ ਹਕੂਮਤ ਨੇ ਚੋਣਾਂ ਅੱਗੇ ਪਾ ਦਿੱਤੀਆਂ ਹਨ। ਮੀਟਿੰਗ ਦੀ ਪ੍ਰਧਾਨਗੀ ਸਵਾਗਤੀ ਕਮੇਟੀ ਦੇ ਪ੍ਰਧਾਨ ਦਲਜੀਤ ਕੁਮਾਰ ਗੋਰਾ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਨੇ ਕਿਰਤ ਕਾਨੂੰਨਾਂ ਦਾ ਭੋਗ ਪਾ ਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਬਣਾਉਣ ਤੋਂ ਇਲਾਵਾ ਜਨਤਕ ਖੇਤਰ ਨੂੰ ਵੇਚਣ, ਬੈਂਕਾਂ, ਸੜਕਾਂ, ਰੇਲਾਂ, ਬੰਦਰਗਾਹਾਂ ਅਤੇ ਹਵਾਈ ਅੱਡਿਆ ਦਾ ਨਿੱਜੀਕਰਨ ਸਭ ਤੋਂ ਵੱਧ ਤੇਜ਼ੀ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸੂਬਾ ਸਰਕਾਰ ਨੇ 7 ਮਹੀਨਿਆਂ ਵਿਚ ਲੋਕਾਂ ਦੀ ਵੱਡੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਨਾ ਕੱਚੇ ਵਰਕਰ ਪੱਕੇ ਕੀਤੇ ਤੇ ਨਾ ਹੀ ਨਵੀਂ ਭਰਤੀ ਕੀਤੀ ਹੈ ਅਤੇ ਸੂਬੇ ਦਾ ਖ਼ਜ਼ਾਨਾ ਕੇਵਲ ਪ੍ਰਚਾਰ ਉੱਪਰ ਖਰਚ ਕੀਤਾ ਜਾ ਰਿਹਾ ਹੈ। ਇਸੇ ਕੂੜ ਪ੍ਰਚਾਰ ਦੇ ਸਹਾਰੇ ਆਮ ਆਦਮੀ ਪਾਰਟੀ ਗੁਜਰਾਤ ਚੋਣਾਂ ਜਿੱਤਣ ਦਾ ਇਰਾਦਾ ਰੱਖਦੀ ਹੈ। ਸੂਬਾਈ ਕਾਨਫ਼ਰੰਸ ਵਿਚ ਵੱਖ-ਵੱਖ ਟਰੇਡ ਯੂਨੀਅਨਾਂ ਦਾ ਸਾਂਝਾ ਮੰਚ ਉਸਾਰ ਕੇ ਦੇਸ਼ ਵਿਆਪੀ ਘੋਲ ਨੂੰ ਮਜ਼ਬੂਤ ਕਰਨ ਬਾਰੇ ਪ੍ਰੋਗਰਾਮ ਉਲੀਕਿਆ ਜਾਵੇਗਾ। ਮੀਟਿੰਗ ਵਿਚ ਕਾਨਫ਼ਰੰਸ ਦੀ ਸਫਲਤਾ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।