ਸੰਤੋਖ ਗਿੱਲ
ਰਾਏਕੋਟ, 14 ਜੁਲਾਈ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੱਦੇ ’ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ, ਭਾਰਤ ਨਿਰਮਾਣ ਮਿਸਤਰੀ-ਮਜ਼ਦੂਰ ਯੂਨੀਅਨ, ਮਨਰੇਗਾ ਮਜ਼ਦੂਰ ਯੂਨੀਅਨ, ਮਿਡ-ਡੇਅ ਮੀਲ ਵਰਕਰਜ਼ ਯੂਨੀਅਨ, ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ, ਹੌਜ਼ਰੀ ਮਜ਼ਦੂਰ ਯੂਨੀਅਨ ਦੇ ਕਿਰਤੀਆਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਅਤੇ ਦੇਸ਼ ਦੇ ਮਜ਼ਦੂਰ ਅੰਦੋਲਨ ਦੀਆਂ ਮਹਿਲਾ ਆਗੂਆਂ ਵਿਮਲ ਰਣਦੀਵੇ, ਕੈਪਟਨ ਲਕਸ਼ਮੀ ਸਹਿਗਲ, ਸੁਸ਼ੀਲਾ ਗੋਪਾਲਨ, ਕਾਮਰੇਡ ਅਹਿਲਿਆ ਰਾਂਗਨੇਕਰ ਦੀ ਯਾਦ ਵਿੱਚ ਰਾਏਕੋਟ ਦੀ ਅਨਾਜ ਮੰਡੀ ਵਿੱਚ ਸਮਾਗਮ ਦੌਰਾਨ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਦੀ ਘਾਲਣਾ ਨੂੰ ਯਾਦ ਕਰਦਿਆਂ ਮੁੜ ਉਨ੍ਹਾਂ ਲੀਹਾਂ ’ਤੇ ਔਰਤਾਂ ਦੀ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਮਜ਼ਦੂਰ ਆਗੂ ਦਲਜੀਤ ਕੁਮਾਰ ਗੋਰਾ, ਸੁਰਜੀਤ ਕੌਰ, ਭਿੰਦਰ ਕੌਰ, ਸ਼ੀਲਾ ਦੇਵੀ ਫਰਵਾਹੀ, ਆਸ਼ਾ ਰਾਣੀ, ਕੁਲਦੀਪ ਕੌਰ, ਹਨੂਮਾਨ ਪ੍ਰਸ਼ਾਦ ਦੂਬੇ, ਸ਼ੇਰ ਸਿੰਘ ਫਰਵਾਹੀ ਸਮੇਤ ਹੋਰ ਮਜ਼ਦੂਰ ਆਗੂਆਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਜੋਗਿੰਦਰ ਸਿੰਘ ਔਲਖ, ਸੂਬਾ ਜਨਰਲ ਸਕੱਤਰ ਅਮਰਨਾਥ ਕੂੰਮਕਲਾਂ, ਗੁਰਨਾਮ ਸਿੰਘ ਘਨੌਰ ਨੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀਆਂ ਕ੍ਰਾਂਤੀਕਾਰੀ ਮਹਿਲਾ ਆਗੂਆਂ ਦੇ ਜੀਵਨੀ ਅਤੇ ਫ਼ਿਰਕੂ ਸ਼ਕਤੀਆਂ ਵਿਰੁੱਧ ਲੋਕਾਂ ਨੂੰ ਇੱਕਜੁੱਟ ਕਰ ਕੇ ਸੰਘਰਸ਼ ਤੇਜ਼ ਕਰਨ ਅਤੇ ਮਜ਼ਦੂਰ ਜਮਾਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਸਰਕਾਰਾਂ ਨਾਲ ਲੋਹਾ ਲੈਣ ਦੀ ਮਿਸਾਲੀ ਜ਼ਿੰਦਗੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਜ਼ਦੂਰਾਂ ਦੇ ਮਸਲਿਆਂ ਦੀ ਅਣਦੇਖੀ ਕਰ ਕੇ ਪਿਛਲੇ 11 ਸਾਲਾਂ ਤੋਂ ਮਜ਼ਦੂਰਾਂ ਦੀ ਘੱਟੋ-ਘੱਟ ਉਜ਼ਰਤਾਂ ਵਿਚ ਵਾਧਾ ਨਹੀਂ ਕੀਤਾ ਗਿਆ,ਜਦਕਿ ਮਹਿੰਗਾਈ ਅਸਮਾਨ ਚੜ੍ਹੀ ਹੈ। ਇਸ ਮੌਕੇ ਹੋਰ ਮੰਗਾਂ ਸਣੇ ਪੇਂਡੂ ਚੌਕੀਦਾਰ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਸਕੀਮ ਵਰਕਰਾਂ ਦਾ ਭੋਗ ਪਾਉਣ ਦੇ ਰਾਹ ਪੈ ਗਈ ਹੈ। ਮਜ਼ਦੂਰ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਧਰਮ ਦਾ ਪੱਤਾ ਖੇਡ ਕੇ 2024 ਵਿਚ ਮੋਦੀ ਹਕੂਮਤ ਮੁੜ ਸੱਤਾ ‘ਤੇ ਕਾਬਜ਼ ਹੋਣ ਦੇ ਸੁਫ਼ਨੇ ਦੇਖ ਰਹੀ ਹੈ। ਇਸ ਮੌਕੇ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ, 14 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਜਗਰਾਤੇ ਕਰਨ ਦਾ ਸੱਦਾ ਦਿੱਤਾ।