ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਦਸੰਬਰ
ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਦੂਜੇ ਦਿਨ ਹੀ ਯਾਤਰੀ ਪ੍ਰੇਸ਼ਾਨ ਹੁੰਦੇ ਰਹੇ। ਆਪਣੀ ਮੰਜ਼ਿਲ ਤੱਕ ਜਾਣ ਲਈ ਯਾਤਰੀ ਬੱਸ ਸਟੈਂਡ ’ਤੇ ਤਾਂ ਪੁੱਜ ਰਹੇ ਹਨ, ਪਰ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਖੱਜਲ ਹੋ ਹੁੰਦੇ ਹਨ। ਬੱਸਾਂ ਦੀ ਘਾਟ ਕਾਰਨ ਬੱਸ ਅੱਡੇ ’ਤੇ ਯਾਤਰੀਆਂ ਦੀ ਭੀੜ ਇਕੱਠੀ ਹੁੰਦੀ ਰਹੀ। ਪ੍ਰਾਈਵੇਟ ਬੱਸਾਂ ’ਚ ਸੀਟ ਲੈਣ ਲਈ ਯਾਤਰੀ ਪਹਿਲਾਂ ਟਿਕਟ ਖ਼ਰੀਦਣ ਲਈ ਟਿਕਟ ਕਾਊਂਟਰਾਂ ’ਤੇ ਧੱਕਾਮੁੱਕੀ ਹੁੰਦੇ ਰਹੇ। ਦੂਜੇ ਪਾਸੇ, ਠੇਕੇ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ, ਉਹ ਪ੍ਰਦਰਸ਼ਨ ਕਰ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅੱਜ ਬੱਸ ਸਟੈਂਡ ’ਤੇ ਪ੍ਰਦਰਸ਼ਨ ਦੌਰਾਨ ਯੂਨੀਅਨ ਆਗੂ ਦਲੀਪ ਸਿੰਘ, ਸਮਸ਼ੇਰ ਸਿੰਘ ਨੇ ਦੱਸਿਆ ਕਿ ਸਰਕਾਰ ਮੰਗਾਂ ਨੂੰ ਜਲਦੀ ਮੰਨ ਲਵੇ ਤਾਂ ਸਾਰਾ ਪ੍ਰਬੰਧ ਠੀਕ ਹੋ ਜਾਵੇਗਾ। ਜੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ 10 ਦਸੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਘੇਰੀ ਜਾਵੇਗੀ। ਬੁੱਧਵਾਰ ਸਵੇਰੇ ਠੇਕੇ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਬੱਸ ਅੱਡੇ ਦੇ ਮੁੱਖ ਗੇਟ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤੇ ਤੇ ਧਰਨਾ ਦਿੱਤਾ। ਉਧਰ, ਵੱਡੀ ਗਿਣਤੀ ’ਚ ਯਾਤਰੀ ਸਫ਼ਰ ਕਰਨ ਲਈ ਬੱਸਾਂ ਦੇ ਬਾਰੇ ’ਚ ਪੁੱਛਗਿਛ ਕਰਦੇ ਰਹੇ, ਪਰ ਕਈ ਥਾਈਂ ਸਿਰਫ਼ ਸਰਕਾਰੀ ਬੱਸਾਂ ਹੀ ਜਾਂਦੀਆਂ ਹੋਣ ਕਾਰਨ ਉਹ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਗਏ। ਬੱਸ ਅੱਡੇ ’ਤੇ ਕੋਈ ਗੜਬੜ ਨਾ ਹੋਵੇ, ਇਸ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਸੀ।
ਪ੍ਰਾਈਵੇਟ ਬੱਸ ਮਾਲਕਾਂ ਦੀਆਂ ਮੌਜਾਂ
ਸਰਕਾਰੀ ਬੱਸਾਂ ਬੰਦ ਹੋਣ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਹੈ। ਪ੍ਰਾਈਵੇਟ ਬੱਸਾਂ ’ਚ ਸਵਾਰੀਆਂ ਭਰ ਕੇ ਜਾ ਰਹੀਆਂ ਹਨ ਤੇ ਬੱਸ ਚਾਲਕ ਕਿਰਾਏ ’ਚ ਵਾਧਾ ਕਰ ਰਹੇ ਹਨ। ਯਾਤਰੀਆਂ ਦੀ ਜ਼ਿਆਦਾ ਕਿਰਾਇਆ ਲੈਣ ਨੂੰ ਲੈ ਕੇ ਬੱਸ ਚਾਲਕਾਂ ਨਾਲ ਬਹਿਸ ਵੀ ਹੋ ਰਹੀ ਹੈ। ਬੱਸ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਦੇ ਬਾਰੇ ’ਚ ਟ੍ਰਾਂਸਪੋਰਟ ਵਿਭਾਗ ਦੇ ਜੀਐਮ ਰਾਜੀਵ ਦੱਤਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਸਮੱਸਿਆਵਾਂ ਦਾ ਹੱਲ ਕਰ ਲਿਆ ਜਾਵੇਗਾ।