ਸਤਵਿੰਦਰ ਬਸਰਾ
ਲੁਧਿਆਣਾ, 14 ਅਕਤੂਬਰ
ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦਸਹਿਰਾ ਮਨਾਉਣ ਲਈ ਸ਼ਹਿਰ ਦੇ ਵੱਖ-ਵੱਖ ਮੈਦਾਨ ਸੱਜ ਚੁੱਕੇ ਹਨ ਤੇ ਬਿਜਲਈ ਲੜੀਆਂ ਇਨ੍ਹਾਂ ਮੈਦਾਨਾਂ ਵਿਚ ਲੱਗਣ ਵਾਲੇ ਮੇਲਿਆਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਸਭ ਤੋਂ ਉੱਚਾ ਰਾਵਣ ਦਾ ਪੁਤਲਾ ਪੁਰਾਤਨ ਦਰੇਸੀ ਦਸਹਿਰਾ ਗਰਾਊਂਡ ਵਿੱਚ ਸਾੜਿਆ ਜਾਵੇਗਾ। ਅੱਜ ਇਸ ਤਿਓਹਾਰ ਨੂੰ ਧੂਮਧਾਮ ਨਾਲ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਦੇਸ਼ ਭਰ ਵਿੱਚ ਹਰ ਸਾਲ ਦਸਹਿਰੇ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇੱਕ ਦਰਜਨ ਤੋਂ ਵੱਧ ਮੈਦਾਨਾਂ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ। ਇਸ ਵਾਰ ਵੀ ਇਹ ਤਿਓਹਾਰ ਮਨਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਦਰੇਸੀ ਮੈਦਾਨ ਵਿੱਚ ਇਸ ਵਾਰ 100 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਪਿਛਲੇ 50 ਸਾਲ ਤੋਂ ਰਾਵਣ ਦੇ ਪੁਤਲੇ ਬਣਾਉਂਦੇ ਅਜਗਰ ਅਲੀ ਨੇ ਦੱਸਿਆ ਕਿ ਇਸ ਵਾਰ ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ’ਤੇ ਉਸ ਦੇ ਮੂੰਹ ਅਤੇ ਅੱਖਾਂ ਵਿੱਚੋਂ ਅੱਗ ਨਿਕਲੇਗੀ। ਦਰੇਸੀ ਤੋਂ ਇਲਾਵਾ ਉਨ੍ਹਾਂ ਨੇ ਉਪਕਾਰ ਨਗਰ ਵਿੱਚ 50-55 ਫੁੱਟ ਅਤੇ ਪਿੰਡ ਧਾਂਦਰਾ ਵਿੱਚ 30 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਹੈ। ਇਸੇ ਤਰ੍ਹਾਂ ਸਰਾਭਾ ਨਗਰ ਮੈਦਾਨ ਵਿੱਚ ਆਸ ਮੁਹੰਮਦ ਨਾਂ ਦੇ ਕਾਰੀਗਰ ਅਤੇ ਉਸ ਦੇ ਸਹਿਯੋਗੀਆਂ ਵੱਲੋਂ 40 ਰਾਵਣ ਅਤੇ 30-30 ਫੁੱਟ ਦੇ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਤਿਆਰ ਕੀਤੇ ਹਨ। ਇਨ੍ਹਾਂ ਨੂੰ 15 ਅਕਤੂਬਰ ਨੂੰ ਦਸਹਿਰੇ ਮੌਕੇ ਅਗਨ ਭੇਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਤਿਓਹਾਰ ਢੰਡਾਰੀ, ਦੁਗਰੀ, ਗਲਾਡਾ ਮੈਦਾਨ, ਸੁਖਦੇਵ ਨਗਰ ਤੋਂ ਇਲਾਵਾ ਹੋਰ ਕਈ ਮੈਦਾਨਾਂ ਵਿੱਚ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸਾਰੇ ਹੀ ਮੈਦਾਨਾਂ ’ਚ ਪਿਛਲੇ ਕਈ ਦਿਨਾਂ ਤੋਂ ਲੱਗੇ ਆਕਾਸ਼ ਨੂੰ ਛੂੰਹਦੇ ਝੂਲੇ ਤੇ ਰੰਗ-ਬਿਰੰਗੀਆਂ ਰੌਸ਼ਨੀਆਂ ਦੀ ਕੀਤੀ ਸਜਾਵਟ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਕਈ ਥਾਈਂ ਸਰਕਸਾਂ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਹਨ।
ਦੋ ਹਜ਼ਾਰ ਪੁਲੀਸ ਮੁਲਾਜ਼ਮ ਰਹਿਣਗੇ ਤਾਇਨਾਤ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਦਸਹਿਰੇ ਲਈ ਲੱਗੇ ਮੇਲਿਆਂ ਦੀ ਚੈਕਿੰਗ ਕਰਨ ਲਈ ਅੱਜ ਪੁਲੀਸ ਕਮਿਸ਼ਨਰ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦਸਹਿਰੇ ਦੇ ਤਿਉਹਾਰ ਮੌਕੇ ਸੁਖਾਵਾਂ ਮਾਹੌਲ ਬਣਾਉਣ ਅਤੇ ਭੀੜ ਕਾਰਨ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲਗਪਗ ਦੋ ਹਜ਼ਾਰ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲੀਸ ਦੇ ਅਧਿਕਾਰ ਖੇਤਰ ਅਧੀਨ 23 ਥਾਵਾਂ ’ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣਗੇ ਅਤੇ ਇਨ੍ਹਾਂ ਸਾਰੀਆਂ ਥਾਵਾਂ ’ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਅਕੈਡਮੀ ਫਿਲੌਰ ਤੋਂ ਵਾਧੂ ਫੋਰਸ ਵੀ ਸ਼ਹਿਰ ਵਿੱਚ ਤਾਇਨਾਤ ਕੀਤੀ ਗਈ ਹੈ। ਸ਼ਹਿਰ ਦੇ ਸਭ ਤੋਂ ਪੁਰਾਣੇ ਮੇਲਾ ਸਥਾਨ ਦਰੇਸੀ, ਸੈਕਟਰ-39 ਚੰਡੀਗੜ੍ਹ ਰੋਡ ਅਤੇ ਹੋਰ ਖੇਤਰਾਂ ਦੇ ਕੁਝ ਸਥਾਨਾਂ ਦਾ ਦੌਰਾ ਕਰਦੇ ਹੋਏ ਕਮਿਸ਼ਨਰ ਨੇ ਕਮਿਸ਼ਨਰੇਟ ਪੁਲੀਸ ਦੀ ਹਰ ਕੀਮਤ ’ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਭਰੋਸਾ ਦਿੱਤਾ।