ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜਨਵਰੀ
ਵਿਧਾਨਸਭਾ ਚੋਣਾਂ ਦੌਰਾਨ ਇਸ ਵਾਰ ਕਰੋਨਾ ਨੇ ਸਿਆਸੀ ਲੀਡਰਾਂ ਦੇ ਸੁਕਾ ਦਿੱਤੇ ਹਨ। ਆਗੂਆਂ ਨੂੰ ਡਰ ਹੈ ਕਿ ਕਿਤੇ ਕਰੋਨਾ ਦੇ ਵੱਧਦੇ ਕੇਸਾਂ ਦਾ ਅਸਰ ਉਨ੍ਹਾਂ ਦੇ ਚੋਣ ਪ੍ਰਚਾਰ ’ਤੇ ਨਾ ਪੈ ਜਾਏ। ਇਸ ਕਰਕੇ ਹੁਣ ਸਿਆਸੀ ਪਾਰਟੀਆਂ ਦੇ ਆਗੂ ਚੋਣ ਕਮਿਸ਼ਨ ਨੂੰ ਲਗਾਤਾਰ ਚਿੱਠੀਆਂ ਲਿੱਖ ਮੰਗ ਕਰ ਰਹੇ ਹਨ ਕਿ ਚੋਣ ਕਮਿਸ਼ਨ ਕਰੋਨਾ ਨਿਯਮਾਂ ਦੇ ਨਾਲ ਛੋਟੀਆਂ ਰੈਲੀ ਤੇ ਨੁੱਕੜ ਮੀਟਿੰਗਾਂ ਕਰਨ ਦੀ ਮਨਜ਼ੂਰੀ ਦਵੇ। ਚੋਣ ਕਮਿਸ਼ਨ ਨੇ ਹਾਲੇ 15 ਜਨਵਰੀ ਤੱਕ ਸਾਰੀਆਂ ਹੀ ਰੈਲੀਆਂ, ਮੀਟਿੰਗਾਂ ’ਤੇ ਪਾਬੰਦੀ ਲਗਾਈ ਹੋਈ ਹੈ, ਨਾਲ ਹੀ ਡੋਰ-ਟੂ-ਡੋਰ ਪ੍ਰਚਾਰ ਲਈ ਵੀ ਸਿਰਫ਼ 5 ਸਮਰੱਥਕਾਂ ਨੂੰ ਹੀ ਨਾ ਲਿਜਾਉਣ ਦੀ ਮਨਜ਼ੂਰੀ ਹੈ।
ਦੱਸ ਦਈਏ ਕਿ 1 ਜਨਵਰੀ ਤੋਂ ਹੁਣ ਤੱਕ ਲਗਾਤਾਰ ਪੰਜਾਬ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਰੋਜ਼ਾਨਾਂ ਕਰੋਨਾ ਕੇਸਾਂ ਦੀ ਗਿਣਤੀ ਡਬਲ ਹੋ ਰਹੀ ਹੈ। ਜਿਸਨੂੰ ਦੇਖਦੇ ਹੋਏ ਸਿਆਸੀ ਆਗੂਆਂ ਦੀ ਪ੍ਰੇਸ਼ਾਨੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਚੋਣ ਮੈਦਾਨ ਵਿੱਚ ਉਤਰੇ ਸਿਆਸੀ ਆਗੂਆਂ ਨੂੰ ਹੁਣ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਰੋਨਾ ਕੇਸਾਂ ਨੂੰ ਦੇਖਦੇ ਹੋਏ 15 ਜਨਵਰੀ ਤੋਂ ਬਾਅਦ ਵੀ ਚੋਣ ਕਮਿਸ਼ਨ ਕਿਤੇ ਰੈਲੀਆਂ ਤੇ ਮੀਟਿੰਗਾਂ ’ਤੇ ਪਾਬੰਦੀ ਅੱਗੇ ਨਾ ਵਧਾ ਦਵੇ। ਕਿਉਂਕਿ ਕੇਸ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ ਅਗਰ ਚੋਣ ਕਮਿਸ਼ਨ ਨੇ ਕੋਈ ਸਖ਼ਤੀ ਵਿਖਾ ਦਿੱਤੀ ਤਾਂ ਸਿਆਸੀ ਆਗੂਆਂ ਦੇ ਲਈ ਪ੍ਰੇਸ਼ਾਨੀਆਂ ਵੱਧ ਜਾਣ ਗਈਆਂ। 8 ਜਨਵਰੀ ਤੋਂ ਚੋਣ ਜ਼ਾਬਤਾ ਲਗਣ ਤੋਂ ਬਾਅਦ ਕਿਸੇ ਵੀ ਸਿਆਸੀ ਆਗੂ ਨੇ ਕੋਈ ਵੱਡੀ ਰੈਲੀ ਜਾਂ ਮੀਟਿੰਗ ਨਹੀਂ ਕੀਤੀ। ਜਦਕਿ ਇਸ ਤੋਂ ਪਹਿਲਾਂ ਲਗਾਤਾਰ ਇੱਕ ਦਿਨ ਵਿੱਚ ਕਈ ਕਈ ਵੱਡੀਆਂ ਰੈਲੀਆਂ ਹੋ ਰਹੀਆਂ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਕਰੋਨਾ ਨਿਯਮਾਂ ਦੀ ਪਾਲਣਾ ਦੇ ਨਾਲ ਹੁਣ ਛੋਟੀਆਂ ਰੈਲੀਆਂ ਤੇ ਮੀਟਿੰਗਾਂ ਕਰਨ ਦੀ ਮਨਜ਼ੂਰੀ ਦੇਵੇ। ਉਨ੍ਹਾਂ ਤਰਕ ਦਿੱਤਾ ਹੈ ਕਿ ਡਿਜੀਟਲ ਤਰੀਕੇ ਦੇ ਨਾਲ ਵੋਟਰਾਂ ਤੱਕ ਪੁੱਜਣ ਕਾਫ਼ੀ ਮੁਸ਼ਕਲ ਹੈ। ਇਸਦੇ ਨਾਲ ਹੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਬਿਲਕੁਲ ਚੋਣ ਕਮਿਸ਼ਨ ਨੂੰ ਆਪਣੇ ਫੈਸਲੇ ਦੁਬਾਰਾ ਰਿਵਿਊ ਕਰਕੇ ਕੁੱਝ ਰਾਹਤ ਜ਼ਰੂਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਲਈ ਕਰੋਨਾ ਦੇ ਨਿਯਮਾਂ ਬਣਾ ਦਿਉਂ, ਉਸ ਤਰੀਕੇਦੇ ਨਾਲ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਲੈਣਗੇ।
ਉਮੀਦਵਾਰਾਂ ਦੇ ਚੋਣ ਖ਼ਰਚਿਆਂ ਦੀ ਸੂਚੀ ਜਾਰੀ
ਲੁਧਿਆਣਾ: 14 ਫਰਵਰੀ ਨੂੰ ਪੈਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਚੋਣਾਂ ਲਈ ਖਰਚੇ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਚੱਲਦੇ ਸਾਰੇ ਉਮੀਦਵਾਰਾਂ ਨੇ ਬੋਰਡ, ਬੈਨਰ, ਰੈਲੀ, ਮੀਟਿੰਗ, ਸਭਾ ਤੇ ਹੋਰ ਪ੍ਰੋਗਰਾਮਾਂ ’ਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਚੀਜ਼ਾਂ ਤੇ ਚੋਣ ਸਮੱਗਰੀ ਦੇ ਭਾਅ ਤੈਅ ਕੀਤੇ ਗਏ ਹਨ। ਇਸ ਸੂਚੀ ਅਨੁਸਾਰ ਉਮੀਦਵਾਰ ਨੂੰ ਚੋਣ ਕਮਿਸ਼ਨ ਨੂੰ ਖਰਚਾ ਦੇਣਾ ਪਵੇਗਾ। ਜਿਸ ’ਚ ਖਾਣ ਪੀਣ, ਸਮਾਗਮ ਤੇ ਪ੍ਰਚਾਰ ’ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦਾ ਖਰਚਾ ਤੈਅ ਕੀਤਾ ਹੋਇਆ ਹੈ। ਜਿਸ ’ਚ ਇੱਕ ਚਾਹ ਦਾ ਕੱਪ 12 ਰੁਪਏ, ਕਾਫ਼ੀ ਕੱਪ 12 ਰੁਪਏ, ਲੱਸੀ 10 ਰੁਪਏ ਗਿਲਾਸ, 10 ਰੁਪਏ ਸ਼ਿਕੰਜਵੀ, ਮੱਠੀ 10 ਰੁਪਏ, ਰਸਗੁੱਲਾ 130 ਰੁਪਏ ਕਿਲੋ, ਜਲੇਬੀ 150 ਰੁਪਏ ਕਿਲੋ ਤੇ ਇੱਕ ਪੀਸ 55 ਰੁਪਏ ’ਚ ਪਵੇਗਾ। ਜ਼ਿਲ੍ਹਾ ਚੋਣ ਕਮਿਸ਼ਨ ਦੇ ਵੱਲੋਂ ਸਾਰੇ ਉਮੀਦਵਾਰਾਂ, ਆਰਓ, ਏਆਰਓ ਨੂੰ ਸੂਚੀ ਦੇ ਦਿੱਤੀ ਗਈ ਹੈ। ਚੀਫ਼ ਇਲੈਕਸ਼ਨ ਅਫ਼ਸਰ ਦੇ ਹੁਕਮਾਂ ’ਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਿਸ਼ਨ ਜਲੰਧਰ ਡਵੀਜ਼ਨ ਦੀ ਅਗਵਾਈ ’ਚ ਕਮੇਟੀ ਬਣਾਈ ਗਈ ਤੇ ਸਾਰੇ ਭਾਅ ਤੈਅ ਕੀਤੇ ਗਏ ਹਨ।
ਉਮੀਦਵਾਰਾਂ ਦੇ ਵੱਲੋਂ ਪ੍ਰਚਾਰ ਅਤੇ ਸਮੱਗਰੀ ਲਿਆਉਣ ਲਿਜਾਣ ਲਈ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਦੇ ਚੱਲਦੇ ਤੈਅ ਭਾਅ ਅਨੁਸਾਰ ਰੇਹੜੇ ਦਾ ਚੱਕਰ ਲਾਉਣ ’ਤੇ 65 ਰੁਪਏ ਪਵੇਗਾ, ਜਦੋਂ ਕਿ ਇੱਕ ਕਾਰ ਦੇ 825 ਰੁਪਏ, 52 ਸੀਟਰ ਬੱਸ ਦੇ 4900 ਰੁਪਏ, 52 ਸੀਟਰ ਸਕੂਲ ਵੈਨ ਦੇ 6 ਹਜ਼ਾਰ ਰੁਪਏ, ਮੈਕਸੀ ਕੈਬ ਦੇ 1100 ਰੁਪਏ, ਥ੍ਰੀ ਵੀਲ੍ਹਰ ਆਟੋ ਸਮੇਤ ਖਾਣਾ 550 ਰੁਪਏ ਚਾਰਜ ਹੋਵੇਗਾ।