ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਮਾਰਚ
ਸ਼ਹਿਰ ਅਤੇ ਆਸ ਪਾਸ ਪੈਂਦੀਆਂ ਮੁੱਖ ਸੜਕਾਂ ਦੇ ਕਿਨਾਰੇ ਪਾਣੀ ਦੀ ਨਿਕਾਸੀ ਲਈ ਬਣੇ ਕਈ ਨਾਲਿਆਂ ਦਾ ਕੰਮ ਅਧੂਰਾ ਹੋਣ ਅਤੇ ਕਈਆਂ ਵਿੱਚ ਕੂੜਾ ਭਰਿਆ ਰਹਿਣ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਮੰਗਦੇ ਨਜ਼ਰ ਆ ਰਹੇ ਹਨ। ਬਰਸਾਤੀ ਦਿਨਾਂ ਵਿੱਚ ਮੁੱਖ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਰਟ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਤੋਂ ਰੋਕਣ ਲਈ ਸੀਮੈਂਟ ਦੇ ਨਾਲੇ ਬਣਾਏ ਜਾ ਰਹੇ ਹਨ। ਲੁਧਿਆਣਾ-ਜਲੰਧਰ ਰੋਡ ’ਤੇ ਭਾਵੇਂ ਅਜਿਹੇ ਨਾਲੇ ਕਾਫੀ ਹੱਦ ਤੱਕ ਬਣੇ ਹੋਏ ਹਨ ਪਰ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਉਪਰੋਂ ਢਕਣਾ ਬਾਕੀ ਹੈ ਜਿਸ ਕਰਕੇ ਇਹ ਆਏ ਦਿਨ ਕੂੜੇ ਨਾਲ ਭਰੇ ਰਹਿੰਦੇ ਹਨ। ਬਰਸਾਤਾਂ ਦੇ ਮੌਸਮ ਵਿੱਚ ਪਾਣੀ ਖੜ੍ਹਾ ਹੋਣ ਨਾਲ ਸੜਕਾਂ ’ਤੇ ਟੋਏ ਪੈ ਜਾਂਦੇ ਹਨ ਜਿਸ ਕਰਕੇ ਸਾਲ ਵਿੱਚ ਕਈ ਵਾਰ ਦੁਬਾਰਾ ਬਣਾਉਣੀਆਂ ਪੈਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ, ਜਮਾਲਪੁਰ ਚੌਕ ਅਤੇ ਬੀਰ ਪੈਲੇਸ ਨੇੜੇ ਬਣੇ ਅਜਿਹੇ ਨਾਲਿਆਂ ਵਿੱਚੋਂ ਕਈਆਂ ਦਾ ਕੰਮ ਅਜੇ ਤੱਕ ਅਧੂਰਾ ਪਿਆ ਦੇਖਿਆ ਜਾ ਸਕਦਾ ਹੈ। ਇਸ ਸੜਕ ਦੀ ਨੀਵੇਂ ਇਲਾਕਿਆਂ ਵੱਲ ਢਾਲ ਹੋਣ ਕਰਕੇ ਭਾਵੇਂ ਬਰਸਾਤੀ ਪਾਣੀ ਦੀ ਨਿਕਾਸੀ ਤਾਂ ਹੋ ਜਾਂਦੀ ਹੈ ਪਰ ਇਸ ਸੜਕ ’ਤੇ ਵਆਵਾਜਾਈ ਵਧੇਰੇ ਹੋਣ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨਕਲਾਬੀ ਕੇਂਦਰ ਪੰਜਾਬ ਅਤੇ ਲੁਧਿਆਣਾ ਇਕਾਈ ਦੇ ਆਗੂਆਂ ਜਸਵੰਤ ਜੀਰਖ ਅਤੇ ਰਕੇਸ਼ ਆਜ਼ਾਦ ਨੇ ਕਿਹਾ ਕਿ ਬਰਸਾਤਾਂ ਵਿੱਚ ਕਈ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਬਿਨਾਂ ਢਕੇ ਹੋਏ ਅਤੇ ਅਧੂਰੇ ਬਰਸਾਤੀ ਨਾਲੇ ਦਿਖਾਈ ਨਹੀਂ ਦਿੰਦੇ। ਇਸ ਕਾਰਨ ਕਈ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਨੇ ਪ੍ਰਸਾਸ਼ਨ ਨੂੰ ਇਨ੍ਹਾਂ ਬਰਸਾਤੀ ਨਾਲਿਆਂ ਦੀ ਸਮੇਂ ਸਮੇਂ ’ਤੇ ਸਫਾਈ ਕਰਵਾਉਣ ਅਤੇ ਅਧੂਰੇ ਕੰਮ ਪੂਰੇ ਕਰਨ ਦੀ ਅਪੀਲ ਕੀਤੀ ਹੈ।