ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਦਸੰਬਰ
ਸਨਅਤੀ ਸ਼ਹਿਰ ਦੇ ਇਲਾਕੇ ਹੈਬੋਵਾਲ ਵਿੱਚ ਸੀਵਰੇਜ ਪਾਉਣ ਲਈ ਪੁੱਟੀ ਸੜਕ ਤੋਂ ਪ੍ਰੇਸ਼ਾਨ ਇਲਾਕਾ ਵਾਸੀ ਤੇ ਹੈਬੋਵਾਲ ਰੋਡ ਦੇ ਦੁਕਾਨਦਾਰਾਂ ਨੇ ਵਿਧਾਇਕ ਰਾਕੇਸ਼ ਪਾਂਡੇ ਤੇ ਇਲਾਕਾ ਕੌਂਸਲਰ ਖ਼ਿਲਾਫ਼ ਧਰਨਾ ਦਿੰਦੇ ਹੋਏ ਮੇਨ ਹੈਬੋਵਾਲ ਰੋਡ ਜਾਮ ਕਰ ਦਿੱਤੀ। ਲੋਕਾਂ ਨੇ ਦੋਸ਼ ਲਗਾਏ ਕਿ ਸੀਵਰੇਜ ਲਈ ਪੁੱਟੀ ਸੜਕ ਕਈ ਮਹੀਨਿਆਂ ਤੋਂ ਬੁਰੀ ਹਾਲਤ ਵਿੱਚ ਹੈ, ਹੁਣ ਤਾਂ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾਣ ਲੱਗ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਲਾਕਾ ਕੌਂਸਲਰ ਕੋਲ ਗਏ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਅੱਜ ਦੁਖੀ ਹੋ ਕੇ ਉਨ੍ਹਾਂ ਨੇ ਸੜਕ ਜਾਮ ਕੀਤੀ ਹੈ। ਧਰਨੇ ਵਿੱਚ ਸ਼ਾਮਲ ਦੁਕਾਨਦਾਰਾਂ ਰਾਜਿੰਦਰ, ਸੁਰਿੰਦਰਪਾਲ ਸਿੰਘ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਚੰਦਰ ਨਗਰ ਮਾਰਕਿਟ ਵਾਲੇ ਪਾਸੇ ਤੋਂ ਨਗਰ ਨਿਗਮ ਨੇ ਸੀਵਰੇਡ ਪਾਉਣ ਲਈ ਸੜਕ ਪੁੱਟੀ ਸੀ, ਕਈ ਮਹੀਨੇ ਬੀਤਣ ਦੇ ਬਾਵਜੂਦ ਸੜਕ ਨਹੀਂ ਬਣੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਉਹ ਵਿਧਾਇਕ ਰਾਕੇਸ਼ ਪਾਂਡੇ ਤੇ ਕਾਂਗਰਸੀ ਕੌਂਸਲਰ ਹਰਵਿੰਦਰ ਸਿੰਘ ਰੌਕੀ ਭਾਟੀਆ ਨੂੰ ਦੱਸ ਚੁੱਕੇ ਹਨ ਪਰ ਕੋਈ ਹੱਲ ਨਹੀ ਹੋਇਆ। ਕੌਂਸਲਰ ਨੇ ਲਿਖਤ ਵਿੱਚ ਲਿਖ ਕੇ ਦਿੱਤਾ ਕਿ ਆਉਣ ਵਾਲੇ ਇੱਕ ਦੋ ਦਿਨ ਵਿੱਚ ਸਮੱਸਿਆ ਦਾ ਹੱਲ ਹੋ ਜਾਵੇਗਾ, ਜਿਸ ਮਗਰੋਂ ਲੋਕਾਂ ਨੇ ਧਰਨਾ ਚੁੱਕਿਆ।