ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਫਰਵਰੀ
ਇਥੇ ਅੱਜ ਅੱਗੜ-ਪਿੱਛੜ ਤਿੰਨ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਰੋਡ ਸ਼ੋਅ ਕੀਤੇ। ਇਨ੍ਹਾਂ ’ਚ ਸ਼ਾਮਲ ਕਾਰਾਂ, ਟਰੈਕਟਰਾਂ, ਮੋਟਰ ਸਾਈਕਲਾਂ ਦੀ ਭੀੜ ਨੇ ਜ਼ਿੰਦਗੀ ਦੀ ਤੋਰ ਵਿਗਾੜ ਦਿੱਤੀ। ਆਮ ਆਦਮੀ ਪਾਰਟੀ ਵੱਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਲਈ ਰੋਡ ਸ਼ੋਅ ਕਰਨ ਪੁੱਜੇ ਹੋਏ ਸਨ। ਉਨ੍ਹਾਂ ਨਾਲ ‘ਆਪ’ ਦੇ ਝੰਡਿਆਂ ਨਾਲ ਵੱਡੀ ਗਿਣਤੀ ਸਮੱਰਥਕ ਸਨ। ਜਦੋਂ ਉਹ ਮੁੱਖ ਤਹਿਸੀਲ ਚੌਕ ’ਚ ਪਹੁੰਚੇ ਤਾਂ ਅਕਾਲੀ-ਬਸਪਾ ਉਮੀਦਵਾਰ ਐੱਸਆਰ ਕਲੇਰ ਦਾ ਰੋਡ ਸ਼ੋਅ ਸਿੱਧਵਾਂ ਬੇਟ ਰੋਡ ਤੋਂ ਚੱਲ ਕੇ ਰੇਲਵੇ ਪੁਲ, ਝਾਂਣੀ ਰਾਣੀ ਚੌਕ, ਕਮਲ ਚੌਕ ਹੁੰਦਾ ਹੋਇਆ ਪੁਰਾਣੀ ਦਾਣਾ ਮੰਡੀ ਚੌਕ ’ਚ ਪਹੁੰਚ ਚੁੱਕਾ ਸੀ। ਇਸ ਦੌਰਾਨ ਥਾਂ-ਥਾਂ ਜਾਮ ਲੱਗਦਾ ਰਿਹਾ। ਇਹ ਰੋਡ ਸ਼ੋਅ ਹਾਲੇ ਮੁਕੰਮਲ ਨਹੀਂ ਹੋਇਆ ਸੀ ਕਿ ਮਗਰ ਹੀ ਭਗਵੰਤ ਮਾਨ ਵਾਲਾ ਰੋਡ ਸ਼ੋਅ ਸ਼ਹਿਰ ਅੰਦਰ ਦਾਖਲ ਹੋ ਗਿਆ। ਇਸ ਕਰਕੇ ਰੇਲਵੇ ਪੁਲ ’ਤੇ ਜਾਮ ਲੱਗ ਗਿਆ। ਪੁਲ ਤੋਂ ਝਾਂਸੀ ਰਾਣੀ ਚੌਕ ਤੱਕ ਲੋਕ ਟ੍ਰੈਫਿਕ ’ਚ ਫਸੇ ਰਹੇ ਅਤੇ ਸਿਆਸੀ ਧਿਰਾਂ ਤੇ ਪ੍ਰਬੰਧ ਨੂੰ ਕੋਸਦੇ ਰਹੇ। ਇਹ ਰੋਡ ਸ਼ੋਅ ਰਾਏਕੋਟ ਰੋਡ ਵੱਲ ਨਿਕਲ ਹੀ ਰਿਹਾ ਸੀ ਕਿ ਉਧਰੋਂ ਲੋਕ ਇਨਸਾਫ਼ ਪਾਰਟੀ ਦੀ ਉਮੀਦਵਾਰ ਤੇਜਿੰਦਰ ਕੌਰ ਤੇਜੀ ਸੰਧੂ ਦਾ ਰੋਡ ਸ਼ੋਅ ਆ ਗਿਆ। ਦੋਵੇਂ ਬੈਂਸ ਭਰਾਵਾਂ ਦੇ ਨਾਂ ਦੇ ਨਾਅਰੇ ਬੁਲੰਦ ਕਰਦਾ ਹੋਇਆ ਇਹ ਰੋਡ ਸ਼ੋਅ ਝਾਂਸੀ ਰਾਣੀ ਚੌਕ ਦੇ ਇਕ ਪਾਸੇ ਦੀ ਲੰਘ ਰਿਹਾ ਸੀ ਤਾਂ ਭਗਵੰਤ ਮਾਨ ਵਾਲਾ ਰੋਡ ਸ਼ੋਅ ਇਥੋਂ ਦੂਜੇ ਪਾਸੇ ਵਾਲੀ ਸੜਕ ਤੋਂ। ਇਸ ਤਰ੍ਹਾਂ ਤਿੰਨ ਰੋਡ ਸ਼ੋਅ ਥੋੜ੍ਹੇ ਸਮੇਂ ਦੇ ਵਕਫੇ ਨਾਲ ਨਿਕਲਣ ਕਰਕੇ ਜਾਮ ਵੀ ਲੱਗਦਾ ਰਿਹਾ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪੁਲੀਸ ਨੇ ਆਵਾਜਾਈ ਸਹੀ ਢੰਗ ਨਾਲ ਚੱਲਦੀ ਰੱਖਣ ਲਈ ਪ੍ਰਬੰਧ ਕੀਤੇ ਸਨ ਪਰ ਤਿੰਨ ਰੋਡ ਸ਼ੋਅ ਦੀ ਭੀੜ ਅੱਗੇ ਇਹ ਨਾਕਾਫੀ ਸਾਬਤ ਹੋਏ। ਹਾਕਮ ਧਿਰ ਕਾਂਗਰਸ ਨੇ ਰੋਡ ਸ਼ੋਅ ਕੱਢਣ ਤੋਂ ਪ੍ਰਹੇਜ਼ ਕੀਤਾ ਅਤੇ ਜੇ ਇਹ ਪਾਰਟੀ ਵੀ ਅਜਿਹਾ ਕਰਦੀ ਤਾਂ ਚੌਥਾ ਰੋਡ ਸ਼ੋਅ ਨਿਕਲਣ ਨਾਲ ਸ਼ਹਿਰ ਨੇ ਪੂਰੀ ਤਰ੍ਹਾਂ ਜਾਮ ਹੋ ਕੇ ਰਹਿ ਜਾਣਾ ਸੀ। ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਵੱਲੋਂ ਵੀ ਰੋਡ ਸੋ਼ਅ ਕੱਢਿਆ ਗਿਆ।
ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਹਿੱਤ ਲਿਆ ਫ਼ੈਸਲਾ-ਵਿਧਾਇਕ ਹਿੱਸੋਵਾਲ
ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਕਿਹਾ ਕਿ ਰੋਡ ਸ਼ੋਅ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਜਗਰਾਉਂ ਵਿੱਚ ਪਹਿਲਾਂ ਹੀ ਤਿੰਨ ਰੋਡ ਸ਼ੋਅ ਨਿਕਲ ਰਹੇ ਸਨ ਜਿਸ ਕਰਕੇ ਉਨ੍ਹਾਂ ਇਸ ਤੋਂ ਪ੍ਰਹੇਜ਼ ਕਰਕੇ ਨਵੀਂ ਪਿਰਤ ਪਾਈ। ਜੇ ਕਾਂਗਰਸ ਵੀ ਅਜਿਹਾ ਕਰਦੀ ਤਾਂ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਸੀ, ਇਸ ਲਈ ਉਨ੍ਹਾਂ ਰੋਡ ਸ਼ੋਅ ਨਾ ਕਰਨ ਦਾ ਫ਼ੈਸਲਾ ਲਿਆ।