ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਸਨਅਤੀ ਸ਼ਹਿਰ ਦੇ ਮਸ਼ਹੂਰ ਬਾਜ਼ਾਰ ਜਵਾਹਰ ਨਗਰ ਕੈਂਪ ’ਚ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਪੁਲੀਸ ਨੇ ਸਾਰੇ ਰਸਤੇ ਬੰਦ ਕਰਵਾ ਦਿੱਤੇ ਹਨ। ਮਾਰਕੀਟ ’ਚ ਦੁਕਾਨਾਂ ਤਾਂ ਖੁੱਲ੍ਹੀਆਂ ਹਨ, ਪਰ 8 ਗਲੀਆਂ ਵਾਲੇ ਬਾਜ਼ਾਰ ’ਚ ਸਿਰਫ਼ ਇੱਕ ਗਲੀ ਦਾ ਹੀ ਰਸਤਾ ਖੋਲ੍ਹਿਆ ਗਿਆ ਹੈ, ਜਿੱਥੋਂ ਵਾਹਨਾਂ ਨੂੰ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਜਵਾਹਰ ਨਗਰ ਕੈਂਪ ਲੁਧਿਆਣਾ ਦੀ ਵੱਡੀ ਮਾਰਕੀਟ ਹੈ। ਸ਼ਨਿਚਰਵਾਰ ਤੇ ਐਤਵਾਰ ਬੰਦ ਦੌਰਾਨ ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਕਿ ਸਰਕਾਰ ਵੱਲੋਂ ਪੂਰਨ ਲੌਕਡਾਊਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਾਰਕੀਟ ਤੇ ਮੇਨ ਬਾਜ਼ਾਰ ਬੰਦ ਹੋ ਜਾਣਗੇ। ਸੋਮਵਾਰ ਨੂੰ ਜਿਵੇਂ ਹੀ ਬਾਜ਼ਾਰ ਖੁੱਲ੍ਹੇ ਤਾਂ ਪੂਰੇ ਬਾਜ਼ਾਰ ’ਚ ਲੋਕਾਂ ਦਾ ਕਾਫ਼ੀ ਆਉਣਾ ਜਾਣਾ ਰਿਹਾ ਤੇ ਬਾਜ਼ਾਰ ’ਚ ਕਾਫ਼ੀ ਭੀੜ ਹੋ ਗਈ। ਹਾਲਾਂਕਿ ਦੁਕਾਨਦਾਰਾਂ ਨੇ ਆਪਣੇ ਵੱਲੋਂ ਸਮਾਜਿਕ ਦੂਰੀ ਬਣਾਉਣ ਦੀ ਪੂਰੀ ਪਾਲਣਾ ਕੀਤੀ, ਪਰ ਲੋਕ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਜਦੋਂ ਪੁਲੀਸ ਨੂੰ ਸੂਚਨਾ ਮਿਲੀ ਤਾਂ ਪੁਲੀਸ ਨੇ ਜਾਮ ਖੁੱਲ੍ਹਵਾ ਕੇ ਮੁੱਖ ਬਾਜ਼ਾਰ ਨੂੰ ਜਾਣ ਵਾਲੇ ਸਾਰੇ ਰਸਤੇ ਕੋਚਰ ਮਾਰਕੀਟ ਵੱਲੋਂ ਬੰਦ ਕਰਵਾ ਦਿੱਤੇ।
ਸਮਾਜਿਕ ਦੂਰੀ ਦੀ ਪਾਲਣਾ ਹੋਣ ’ਤੇ ਖੋਲ੍ਹ ਦਿੱਤੇ ਜਾਣਗੇ ਰਸਤੇ
ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਸਬ-ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਬਾਜ਼ਾਰ ’ਚ ਸੋਮਵਾਰ ਨੂੰ ਭੀੜ ਹੋ ਗਈ ਸੀ। ਲੋਕਾਂ ਦੀ ਭੀੜ ਨੂੰ ਕਿਸੇ ਤਰ੍ਹਾ ਕੰਟਰੋਲ ਕੀਤਾ ਗਿਆ। ਇਸ ਤੋਂ ਬਾਅਦ ਰਸਤੇ ਬੰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਲੋਕ ਮਾਰਕੀਟ ’ਚ ਪੈਦਲ ਜਾ ਕੇ ਖਰੀਦਦਾਰੀ ਕਰਨ ਤਾਂ ਕਿ ਭੀੜ ਨਾ ਲੱਗੇ ਤੇ ਸਮਾਜਿਕ ਦੂਰੀ ਦੀ ਪਾਲਣਾ ਵੀ ਹੋਵੇ। ਜੇ ਲੋਕ ਸਮਾਜਿਕ ਦੂਰੀ ਦਾ ਧਿਆਨ ਰੱਖਣਗੇ ਤਾਂ ਰਸਤੇ ਖੋਲ੍ਹ ਦਿੱਤੇ ਜਾਣਗੇ।