ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਨਵੰਬਰ
ਥਾਣਾ ਦਰੇਸੀ ਦੇ ਇਲਾਕੇ ਮੇਨ ਜੀਟੀ ਰੋਡ ਪੁੱਲ ’ਤੇ ਅਣਪਛਾਤੇ ਵਿਅਕਤੀ ਇੱਕ ਰਾਹਗੀਰ ਨੂੰ ਲੁੱਟ ਕੇ ਲੈ ਗਏ ਹਨ ਜਦਕਿ ਇੱਕ ਪੈਦਲ ਨੌਜਵਾਨ ਇੱਕ ਔਰਤ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਕੇ ਲੈ ਗਿਆ। ਇਸ ਸਬੰਧੀ ਇਕਬਾਲ ਨਗਰ ਵਾਸੀ ਪ੍ਰਮੋਦ ਮੰਡਲ ਨੇ ਦੱਸਿਆ ਹੈ ਕਿ ਉਹ ਆਪਣੇ ਰਿਸ਼ਤੇਦਾਰ ਨਾਲ ਆਪਣੀ ਸਕੂਟਰ ਐਕਟਿਵਾ ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਮੇਨ ਜੀਟੀ ਰੋਡ ਪੁੱਲ ਉਪਰ ਨੇੜੇ ਐਗਰੋ ਪੈਟਰੋਲ ਪੱਪ ਪਾਸ 5 ਅਣਪਛਾਤੇ ਵਿਅਕਤੀ 2 ਵੱਖ-ਵੱਖ ਮੋਟਰਸਾਈਕਲਾਂ ’ਤੇ ਆਏ, ਜਿਨ੍ਹਾਂ ਉਨ੍ਹਾਂ ਨੂੰ ਘੇਰ ਕੇ ਦਾਤਰ ਦਿਖਾਇਆ ਅਤੇ ਉਸ ਦਾ ਐਕਟਿਵਾ ਸਕੂਟਰ, ਕੁੱਝ ਨਕਦੀ ਅਤੇ ਇੱਕ ਮੋਬਾਈਲ ਫੋਨ ਖੋਹਕੇ ਫ਼ਰਾਰ ਹੋ ਗਏ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਵਿੱਚ ਕਾਲਜ ਰੋਡ ਸਿਵਲ ਲਾਇਨ ਵਾਸੀ ਨਵਜੋਤ ਕੌਰ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਜਾ ਰਹੀ ਸੀ ਤਾਂ ਹੀਰੋ ਬੇਕਰੀ ਚੌਕ ਲਾਈਟਾਂ ’ਤੇ ਪਿੱਛੋਂ ਇੱਕ ਲੜਕਾ ਪੈਦਲ ਆਇਆ ਤੇ ਉਸ ਦੇ ਗੱਲ ਵਿੱਚ ਪਾਈ ਸੋਨੇ ਦੀ ਚੇਨ ਝੱਪਟ ਮਾਰ ਕੇ ਲੈ ਕੇ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀਆਂ ਅਤੇ ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀਆਂ ਹਰਮਨਦੀਪ ਸਿੰਘ, ਮੁਹੰਮਦ ਅਫ਼ਜਲ, ਬਰਿੰਦਰ ਸਿੰਘ, ਸੰਜੀਵ, ਦਵਿੰਦਰ ਸਿੰਘ, ਕੈਦੀ ਸਰਬਜੋਤ ਸਿੰਘ, ਹਰਪਾਲ ਅਤੇ ਹਵਾਲਾਤੀ ਗੋਇਲ ਕੁਮਾਰ ਤੋਂ 9 ਮੋਬਾਈਲ ਫੋਨ ਵੱਖ-ਵੱਖ ਮਾਰਕਾ ਬਰਾਮਦ ਹੋਏ ਹਨ।