ਕੌਮੀ ਸ਼ਾਹਮਾਰਗ ’ਤੇ ਅੱਖਾਂ ’ਚ ਮਿਰਚਾਂ ਪਾ ਕੇ ਲੁੱਟੇ 70 ਹਜ਼ਾਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 5 ਸਤੰਬਰ
ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਰਾਤ ਸਮੇਂ ਗੱਡੀਆਂ ਦੇ ਸ਼ੀਸ਼ਿਆਂ ਉਪਰ ਅੰਡੇ ਮਾਰ ਕੇ ਅਤੇ ਅੱਖਾਂ ’ਚ ਮਿਰਚਾਂ ਪਾ ਕੇ ਰਾਹਗੀਰਾਂ ਨੂੰ ਲੁੱਟਣ ਵਾਲਾ ਗਰੋਹ ਸਰਗਰਮ ਹੈ। ਪੁਲੀਸ ਨੇ ਅਜਿਹੇ ਗਰੋਹ ਵੱਲੋਂ ਲੁੱਟੇ ਗਏ ਵਪਾਰੀ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਲੁੱਟ ਦਾ ਸ਼ਿਕਾਰ ਹੋਏ ਸਪੇਅਰ ਪਾਰਟਸ ਵਪਾਰੀ ਰਜਤ ਕਸ਼ਯਪ ਪੁੱਤਰ ਰਾਜ ਕੁਮਾਰ ਵਾਸੀ ਘੁਮਾਰ ਮੰਡੀ ਨੇ ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਇੰਚਾਰਜ ਪੁਲੀਸ ਚੌਂਕੀ ਮਾਨ ਦੀ ਹਾਜ਼ਰੀ ’ਚ ਦੱਸਿਆ ਕਿ ਬੀਤੀ ਦੇਰ ਰਾਤ ਨੂੰ ਉਹ ਆਪਣੇ ਡਰਾਈਵਰ ਨਾਲ ਬਲੈਰੋ ’ਤੇ ਮੋਗਾ ਤੋਂ ਸਪੇਅਰ ਪਾਰਟਸ ਲੈ ਕੇ ਵਾਪਸ ਲੁਧਿਆਣੇ ਜਾ ਰਿਹਾ ਸੀ। ਜਦੋਂ ਉਨ੍ਹਾਂ ਦੀ ਗੱਡੀ ਸੀ.ਟੀ.ਯੂਨੀਵਰਸਿਟੀ ਚੌਂਕੀਮਾਨ ਨੇੜੇ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੇ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਦੇ ਅਗਲੇ ਸ਼ੀਸ਼ੇ ’ਤੇ ਅੰਡੇ ਸੁੱਟ ਦਿੱਤੇ ਜਿਸ ਕਾਰਨ ਡਰਾਈਵਰ ਤੋਂ ਗੱਡੀ ਬੇਕਾਬੂ ਹੋ ਗਈ। ਜਦੋਂ ਅੱਗੇ ਜਾ ਕੇ ਗੱਡੀ ਰੋਕੀ ਤਾਂ ਉਨ੍ਹਾਂ ਨੇ ਗੱਡੀ ਦਾ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਤੋੜ ਦਿੱਤਾ ਤੇ ਆ ਕੇ ਦੋਵਾਂ ਦੀਆਂ ਅੱਖਾਂ ’ਚ ਮਿਰਚਾਂ ਪਾ ਦਿੱਤੀਆਂ। ਇਸ ਤੋਂ ਬਾਅਦ ਉਹ ਗੱਡੀ ਦੀ ਅਗਲੀ ਸੀਟ ’ਤੇ ਪਿਆ ਪੈਸਿਆਂ ਵਾਲਾ ਬੈਗ ਲੈ ਕੇ ਦੌੜ ਗਏ ਜਿਸ ਵਿੱਚ 70 ਹਜ਼ਾਰ ਰੁਪਏ ਸਨ। ਇਸ ਵਾਰਦਾਤ ਨੂੰ ਲੈ ਕੇ ਰਾਤ ਨੂੰ ਇਸ ਮਾਰਗ ਤੋਂ ਗੁਜ਼ਰਨ ਵਾਲਿਆਂ ਵਿਚ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ । ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।