ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜੁਲਾਈ
ਨਸ਼ੇ ਦੀ ਦਲਦਲ ’ਚ ਫਸ ਚੁੱਕੇ 2 ਨੌਜਵਾਨਾਂ ਨੇ ਨਸ਼ਾ ਪੂਰਤੀ ਲਈ ਕੋਈ ਕੰਮ ਧੰਦਾ ਨਾ ਮਿਲਣ ’ਤੇ ਰਾਹਗੀਰਾਂ ਤੋਂ ਹਥਿਆਰ ਦਿਖਾ ਕੇ ਮੋਬਾਈਲ ਖੋਹਣੇ ਸ਼ੁਰੂ ਕਰ ਦਿੱਤੇ। ਮੁਲਜ਼ਮ ਸਸਤੇ ਭਾਅ ’ਤੇ ਮੋਬਾਈਲ ਫੋਨ ਵੇਚ ਕੇ ਉਸ ਤੋਂ ਮਿਲਣ ਵਾਲਿਆਂ ਪੈਸਿਆਂ ਨਾਲ ਨਸ਼ਾ ਕਰਦੇ ਸਨ। 2 ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੇ ਇੱਕ ਲੁੱਟ ਦੇ ਮਾਮਲੇ ਦੀ ਜਾਂਚ ’ਚ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਵੱਖ-ਵੱਖ ਕੰਪਨੀਆਂ ਦੇ 12 ਮੋਬਾਈਲ ਫੋਨਾਂ ਦੇ ਨਾਲ ਨਾਲ ਵਾਰਦਾਤ ਲਈ ਵਰਤਿਆਂ ਜਾਣ ਵਾਲਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਨਿਊ ਮਾਧੋਪੁਰੀ ਦੇ ਕੁਲਦੀਪ ਕੁਮਾਰ ਦੀ ਸ਼ਿਕਾਇਤ ’ਤੇ ਭਾਮੀਆਂ ਕਲਾਂ ਸਥਿਤ ਜੀਕੇ ਸਟੇਟ ਵਾਸੀ ਕਮਲ ਕੁਮਾਰ ਤੇ ਮੁਸਾਫਿਰ ਖਾਣਾ ਰੇਲਵੇ ਸਟੇਸ਼ਨ ’ਚ ਰਹਿਣ ਵਾਲੇ ਦੀਪਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁੱਛ-ਪੜਤਾਲ ’ਚ ਪਤਾ ਲੱਗਿਆ ਸੀ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਨੂੰ ਕੋਈ ਕੰਮ ਧੰਦਾ ਨਹੀਂ ਮਿਲ ਰਿਹਾ ਸੀ ਤਾਂ ਉਨ੍ਹਾਂ ਨੇ ਨਸ਼ਾ ਪੂਰਤੀ ਲਈ ਰਾਹਗੀਰਾਂ ਤੋਂ ਲੁੱਟ-ਖੋਹ ਸ਼ੁਰੂ ਕਰ ਦਿੱਤੀ।
ਮਹਿਲਾ ਹੈਰੋਇਨ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਇੱਕ ਔਰਤ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਚੈਕਿੰਗ ਲਈ ਬਾਬਾ ਬਾਲਕ ਨਾਥ ਮੰਦਰ ਸ਼ਹੀਦ ਭਗਤ ਸਿੰਘ ਨਗਰ ਮੌਜੂਦ ਸੀ ਤਾਂ ਅਮਨਦੀਪ ਕੌਰ ਉਰਫ਼ ਅਮਨ ਪਤਨੀ ਦਲਜੀਤ ਸਿੰਘ ਵਾਸੀ ਗਲੀ ਨੰਬਰ 8 ਸ਼ਹੀਦ ਭਗਤ ਸਿੰਘ ਪੈਦਲ ਹੀ ਆ ਰਹੀ ਸੀ ਤਾਂ ਉਸ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਆਪਣੀ ਚੁੰਨੀ ਦੀ ਨੁੱਕਰ ਤੋਂ ਇੱਕ ਮੋਮੀ ਲਿਫਾਫਾ ਥੱਲੇ ਸੁੱਟ ਦਿੱਤਾ। ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ