ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਪਰੈਲ
ਕਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਲਾਏ ਗਏ ਹਫ਼ਤਾਵਰੀ ਲੌਕਡਾਊਨ ਦੌਰਾਨ ਸਬਜ਼ੀ ਮੰਡੀ ਬੰਦ ਦੀ ਅਫ਼ਵਾਹ ਤੋਂ ਬਾਅਦ ਸਨਅਤੀ ਸ਼ਹਿਰ ’ਚ ਅਫ਼ਰਾ ਤਫ਼ਰੀ ਮਚ ਗਈ। ਲੋਕ ਕਰੋਨਾ ਨਿਯਮਾਂ ਦੀ ਪ੍ਰਵਾਹ ਕੀਤੇ ਬਿਨ੍ਹਾ ਹੀ ਸਬਜ਼ੀ ਖਰੀਦਣ ਲਈ ਨਿਕਲ ਪਏ। ਜਿਸ ਕਾਰਨ ਪੂਰੀ ਮੰਡੀ ਦੇ ਨਾਲ ਨਾਲ ਆਸਪਾਸ ਦੇ ਇਲਾਕੇ ’ਚ ਜਾਮ ਦੀ ਸਥਿਤੀ ਬਣ ਗਈ। ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੂੰ ਵੀ ਟਰੈਫਿਕ ਖੁਲ੍ਹਵਾਉਣ ਲਈ ਕਾਫ਼ੀ ਮਿਹਨਤ ਕਰਨੀ ਪਈ। ਲੋਕਾਂ ’ਚ ਅਫ਼ਵਾਹ ਸੀ ਕਿ ਸ਼ਨਿਚਰਵਾਰ ਅਤੇ ਐਤਵਾਰ ਨੂੰ ਸ਼ਹਿਰ ਬੰਦ ਦੇ ਨਾਲ ਨਾਲ ਸਬਜ਼ੀ ਮੰਡੀ ਵੀ ਬੰਦ ਹੈ, ਪਰ ਹਾਲੇ ਤੱਕ ਪ੍ਰਸਾਸ਼ਨ ਨੇ ਸਬਜ਼ੀ ਮੰਡੀ ਬੰਦ ਕਰਵਾਉਣ ਜਾਂ ਫਿਰ ਨਾ ਕਰਨ ਬਾਰੇ ਕੋਈ ਫੈ਼ਸਲਾ ਨਹੀਂ ਲਿਆ ਹੈ।