ਸਤਵਿੰਦਰ ਬਸਰਾ/ਜਸਵੀਰ ਸ਼ੇਤਰਾ
ਲੁਧਿਆਣਾ/ਜਗਰਾਉਂ, 8 ਫਰਵਰੀ
ਸਥਾਨਕ ਮਜ਼ਦੂਰ ਜਥੇਬੰਦੀਆਂ ਨੇ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਾਮਰਾਜੀ-ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਰੋਸ ਮਾਰਚ ਕੱਢਿਆ। ਮਜ਼ਦੂਰ ਵਿਰੋਧੀ ਦਿਵਸ’ ’ਤੇ ਪਹਿਲਾਂ ਚਤਰ ਸਿੰਘ ਪਾਰਕ ’ਚ ਰੈਲੀ ਕੀਤੀ ਅਤੇ ਬਾਅਦ ਵਿੱਚ ਡੀ ਸੀ ਦਫਤਰ ਤੱਕ ਰੋਸ ਮਾਰਚ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਸ਼ਟਰਪਤੀ ਅਤੇੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਮੰਗ-ਪੱਤਰ ਸੌਂਪੇ ਗਏ। ਅਠਾਰਾਂ ਦੇਸ਼ ਵਿਆਪੀ ਮਜ਼ਦੂਰ ਜਥੇਬੰਦੀਆਂ ’ਤੇ ਆਧਾਰਿਤ ਮਜ਼ਦੂਰ ਅਧਿਕਾਰ ਸੰਘਰਸ਼ ਅਭਿਯਾਨ (ਮਾਸਾ) ਦੇ ਸੱਦੇ ’ਤੇ ਅੱਜ ਮਜ਼ਦੂਰਾਂ ਨੇ ਜਗਰਾਉਂ ਬੱਸ ਅੱਡੇ ’ਚ ਰੈਲੀ ਕੀਤੀ। ਉਪਰੰਤ ਬੱਸ ਅੱਡੇ ਤੋਂ ਹਾਈਵੇਅ ਸਥਿਤ ਮੁੱਖ ਚੌਕ ਤੇ ਮਾਰਗ ਤੋਂ ਰੋਸ ਮਾਰਚ ਕਰਦੇ ਹੋਏ ਉਪ ਮੰਡਲ ਮੈਜਿਸਟਰੇਟ ਦਫ਼ਤਰ ਅੱਗੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵਲੋਂ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਮਦਨ ਸਿੰਘ ਅਤੇ ਜਸਵਿੰਦਰ ਸਿੰਘ ਭਮਾਲ ਨੇ ਮੰਗ ਕੀਤੀ ਕਿ ਚਾਰ ਕਿਰਤ ਕੋਡਾਂ ਨੂੰ ਵਾਪਸ ਲਿਆ ਜਾਵੇ। ਮਜ਼ਦੂਰ ਹਿੱਤਾਂ ’ਚ ਲੇਬਰ ਕਾਨੂੰਨਾਂ ਵਿਚ ਸੁਧਾਰ ਕੀਤਾ ਜਾਵੇ। ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ’ਤੇ ਰੋਕ ਲਗਾਈ ਜਾਵੇ। ਮਨਰੇਗਾ ਵਰਕਰਾਂ ਦਾ ਦਿਹਾੜੀ ਰੇਟ ਇਕ ਹਜ਼ਾਰ ਰੁਪਏ ਤੇ ਸਾਲ ਚ ਕੰਮ 365 ਦਿਨ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਹਟਾਏ ਗਏ ਮਜ਼ਦੂਰਾਂ ਨੂੰ ਮੁੜ ਕੰਮ ’ਤੇ ਰੱਖਣ, ਆਸ਼ਾ ਵਰਕਰਾਂ, ਮਿਡ ਡੇਅ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਵੀ ਮੁਜ਼ਾਹਰੇ ਨੂੰ ਸੰਬੋਧਨ ਕੀਤਾ। ਉਨ੍ਹਾਂ ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਸਾਨਾਂ ਵਲੋਂ ਮੋਦੀ ਹਕੂਮਤ ਦੇ ਕਾਰਪੋਰੇਟ ਤੇ ਭਗਵਾਂਕਰਨ ਪੱਖੀ ਨੀਤੀਆਂ ਖ਼ਿਲਾਫ਼ 16 ਫਰਵਰੀ ਦੇ ਭਾਰਤ ਬੰਦ ’ਚ ਵੱਧ ਚੜ੍ਹ ਕੇ ਸਾਰਿਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਸਲੇਮਪੁਰ, ਕਰਮ ਸਿੰਘ ਭਮਾਲ, ਗੰਗਾ ਸਿੰਘ ਆਦਿ ਹਾਜ਼ਰ ਸਨ।
ਬਿਜਲੀ ਮੀਟਰ ਕੱਟਣ ਖ਼ਿਲਾਫ਼ ਡਟੇ ਪੇਂਡੂ ਮਜ਼ਦੂਰ
ਜਗਰਾਉਂ: ਪਾਵਰਕੌਮ ਪਹਿਲਾਂ ਗਰੀਬ ਦਲਿਤ ਮਜ਼ਦੂਰਾਂ ਨੂੰ ਜਨਰਲ ਕੈਟਾਗਰੀ ‘ਚ ਪਾ ਕੇ ਬਿਜਲੀ ਦੇ ਵੱਡੇ ਬਿੱਲ ਭੇਜ ਰਿਹਾ ਹੈ ਅਤੇ ਹੁਣ ਬਿੱਲ ਜਮ੍ਹਾਂ ਨਾ ਹੋਣ ’ਤੇ ਬਿਜਲੀ ਕੁਨੈਕਸ਼ਨ ਕੱਟਣ ਜਾ ਰਹੇ ਹਨ ਜਿਸ ਖ਼ਿਲਾਫ਼ ਚਿਤਾਵਨੀ ਰੈਲੀ ਕੀਤੀ ਗਈ। ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਨੇ ਪਾਵਰਕੌਮ ਦੇ ਐੱਸਡੀਓ ਦਫ਼ਤਰ ਹੰਬੜਾਂ ਅੱਗੇ ਇਕੱਠ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦਕ ਸਕੱਤਰ ਡਾ. ਸੁਖਦੇਵ ਭੂੰਦੜੀ ਨੇ ਕਿਹਾ ਕਿ ਪਹਿਲਾਂ ਤਾਂ ਗਲਤ ਤਰੀਕੇ ਨਾਲ ਇਨ੍ਹਾਂ ਮਜ਼ਦੂਰਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ। ਕਈ ਉੱਚ ਪੱਧਰੀ ਵਫ਼ਦ ਅਤੇ ਉੱਚ ਅਧਿਕਾਰੀਆਂ ਨਾਲ ਮਸਲਾ ਵਿਚਾਰਨ ਤੋਂ ਬਾਅਦ ਬਣੀ ਸਹਿਮਤੀ ਮੁਤਾਬਕ ਜਾਤੀ ਸਬੰਧੀ ਸਰਟੀਫਿਕੇਟ ਤੇ ਫਾਰਮ ਭਰ ਕੇ ਦਿੱਤੇ ਗਏ। ਉਸ ਸਮੇਂ ਭਰੋਸਾ ਦਿੱਤਾ ਗਿਆ ਸੀ ਕਿ ਦਲਿਤ ਮਜ਼ਦੂਰਾਂ ਦੀ ਬਿਜਲੀ ਮੁਆਫ਼ੀ ਜਾਰੀ ਹੈ ਅਤੇ ਭੇਜੇ ਬਿੱਲ ਵਾਪਸ ਹੋ ਜਾਣਗੇ। ਇਨ੍ਹਾਂ ਮਜ਼ਦੂਰਾਂ ਨੇ ਇਹ ਬਿੱਲ ਜਮ੍ਹਾਂ ਨਹੀਂ ਕਰਵਾਏ ਤਾਂ ਹੁਣ ਮੀਟਰ ਕੱਟਣ ਦਾ ਅਮਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਇਹ ਕਦਮ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕਰੇਗਾ। ਇਸ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ 600 ਯੂਨਿਟ ਮੁਆਫ਼ ਹੋਣ ਦੇ ਬਾਵਜੂਦ ਪਾਵਰਕੌਮ ਬਿੱਲ ਜਨਰਲ ਵਰਗ ‘ਚ ਪਾ ਕੇ ਮੀਟਰ ਕੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਿਰਫ ਚਿਤਾਵਨੀ ਰੈਲੀ ਹੈ ਅਤੇ ਜੇਕਰ ਸਰਕਾਰ ਤੇ ਪਾਵਰਕੌਮ ਬਾਜ਼ ਨਾ ਆਏ ਤਾਂ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ।