ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਜੂਨ
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੇਂਡੂ ਮਜ਼ਦੂਰ ਔਰਤਾਂ ਦੀ ਇਕੱਤਰਤਾ ਨੇੜਲੇ ਪਿੰਡ ਸਿੱਧਵਾਂ ਕਲਾਂ ਵਿੱਚ ਹੋਈ। ਇਸ ਦੌਰਾਨ ਮਜ਼ਦੂਰਾਂ ਦੀ ਮੰਗਾਂ ਬਾਰੇ ਵਿਚਾਰ ਕਰਦਿਆਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਧ ਰਹੀ ਮਹਿੰਗਾਈ ਦੇ ਇਸ ਦੌਰ ’ਚ ਮਜ਼ਦੂਰਾਂ ਲਈ ਘਰ ਚਲਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ, ਇਸ ਲਈ ਮਜ਼ਦੂਰਾਂ ਦੀ ਦਿਹਾੜੀ ਘੱਟੋ-ਘੱਟ 700 ਰੁਪਏ ਤੈਅ ਕੀਤੀ ਜਾਵੇ। ਇਸ ਮੌਕੇ ਮਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਅਤੇ ਇਸ ਕੰਮ ’ਚ ਹੁੰਦੇ ਕਥਿਤ ਘਪਲਿਆਂ ਬਾਰੇ ਵੀ ਚਰਚਾ ਕੀਈ ਗਈ। ਇਸ ਮੁੱਦੇ ’ਤੇ ਜਲਦੀ ਉੱਚ ਅਧਿਕਾਰੀਆਂ ਨੂੰ ਵਫ਼ਦ ਦੇ ਰੂਪ ’ਚ ਮਿਲਣ ਦਾ ਫ਼ੈਸਲਾ ਲਿਆ ਗਿਆ। ਸੋਨੀ ਸਿੱਧਵਾਂ ਨੇ ਕਿਹਾ ਕਿ ਜਲਦੀ ਹੀ ਪਿੰਡ ’ਚ ਪੇਂਡੂ ਮਜ਼ਦੂਰ ਯੂਨੀਅਨ ਦੀਆਂ ਔਰਤਾਂ ਦੀ ਇਕ ਇਕਾਈ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਔਰਤ ਮਾਮਲਿਆਂ ਨੂੰ ਬਿਹਤਰ ਢੰਗ ਨਾਲ ਵਿਚਾਰਨ ਤੇ ਮਸਲੇ ਹੱਲ ਕਰਨ ਵਾਸਤੇ ਸਰਗਰਮੀ ਨਾਲ ਕੰਮ ਹੋ ਸਕੇ।
ਇਸ ਮੌਕੇ ਕਿਰਨਜੀਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ, ਬਬਲੀ ਕੌਰ, ਅਮਰਜੀਤ ਕੌਰ, ਜਸਵੀਰ ਕੌਰ, ਸੋਨੀ ਸਿੱਧਵਾਂ, ਸੁੱਚਾ ਸਿੰਘ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।